- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਗੋਂਦਪੁਰ ਵਿੱਚ ਬਾਂਦਰਾਂ ਦਾ ਆਤੰਕ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪਿੰਡ ਗੋਂਦਪੁਰ ਵਿੱਚ ਸਵੇਰੇ ਬਾਂਦਰਾਂ ਦੇ ਵਧਦੇ ਆਤੰਕ ਨੇ ਪਿੰਡ ਵਾਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬਾਂਦਰਾਂ ਦੀਆਂ ਢਾਣੀਆਂ ਆਏ ਦਿਨ ਲੋਕਾਂ ਦੇ ਘਰਾਂ ਅਤੇ ਛੱਤਾਂ ’ਤੇ ਧਾਵਾ ਬੋਲ ਰਹੀਆਂ ਹਨ, ਜਿਸ ਕਰ ਕੇ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਅਨੁਸਾਰ ਇਹ ਬਾਂਦਰ ਨਾ ਸਿਰਫ਼ ਘਰਾਂ ਵਿੱਚ ਰੱਖਿਆ ਸਾਮਾਨ, ਖਾਣ-ਪੀਣ ਦੀਆਂ ਵਸਤੂਆਂ ਅਤੇ ਛੱਤਾਂ ’ਤੇ ਸੁੱਕਣ ਪਾਏ ਕੱਪੜੇ ਚੁੱਕ ਕੇ ਲੈ ਜਾਂਦੇ ਹਨ, ਬਲਕਿ ਘਰਾਂ ਦੀਆਂ ਟੈਂਕੀਆਂ ਅਤੇ ਗਮਲਿਆਂ ਦੀ ਵੀ ਭੰਨਤੋੜ ਕਰ ਦਿੰਦੇ ਹਨ। ਕਈ ਵਾਰ ਬਾਂਦਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕੇ ਹਨ, ਜਿਸ ਕਾਰਨ ਲੋਕ ਆਪਣੇ ਹੀ ਘਰਾਂ ਵਿੱਚ ਕੈਦ ਹੋ ਕੇ ਰਹਿਣ ਲਈ ਮਜਬੂਰ ਹਨ। ਸਕੂਲ ਜਾਣ ਵਾਲੇ ਬੱਚਿਆਂ ਅਤੇ ਔਰਤਾਂ ਵਿੱਚ ਇਨ੍ਹਾਂ ਦਾ ਖਾਸਾ ਖੌਫ਼ ਦੇਖਣ ਨੂੰ ਮਿਲ ਰਿਹਾ ਹੈ।