- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸਨਿਆਲ ਵਿੱਚ ਗੰਨਾ ਕਾਸ਼ਤਕਾਰਾਂ ਲਈ ਜਾਗਰੂਕਤਾ ਕੈਂਪ ਲਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਗੰਨਾ ਮਿੱਲ ਮੁਕੇਰੀਆਂ ਵੱਲੋਂ ਡਿਵੀਜ਼ਨ ਭੰਗਾਲਾ ਦੇ ਪਿੰਡ ਸਨਿਆਲ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਅਤੇ ਗੰਨਾ ਮਿੱਲ ਮੁਕੇਰੀਆਂ ਦੇ ਵੀਪੀ ਕੇਨ ਸੰਜੇ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਡਾ. ਮਿੱਤਰ ਮਾਨ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅੱਸੂ ਗੰਨੇ ਦੀ ਬਿਜਾਈ ਦੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਦੀ ਮੰਗ ਅਨੁਸਾਰ ਖੇਤੀ ਦੇ ਰਿਵਾਇਤੀ ਤਰੀਕਿਆਂ ਦੇ ਨਾਲ-ਨਾਲ ਆਧੁਨਿਕ ਤਕਨੀਕਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਗੰਨੇ ਦੀਆਂ ਨਵੀਆਂ ਅਤੇ ਉੱਨਤ ਕਿਸਮਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਕਿਸਾਨ ਜਥੇਬੰਦੀ ਪੱਗੜੀ ਸੰਭਾਲ ਲਹਿਰ ਪੰਜਾਬ ਦੇ ਸੂਬਾ ਜਰਨਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ ਨੇ ਕੇਨ ਕਮਿਸ਼ਨ ਅਤੇ ਪੰਜਾਬ ਸਰਕਾਰ ਨੂੰ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਹਿਰਦਤਾ ਨਾਲ ਨਜਿੱਠਣ ਲਈ ਅਪੀਲ ਕੀਤੀ। ਇਸ ਮੌਕੇ ਵੀਪੀ ਕੇਨ ਸੰਜੇ ਸਿੰਘ ਨੇ ਕਿਸਾਨਾਂ ਨਾਲ ਸਬੰਧਿਤ ਅਹਿਮ ਮੰਗ ਰੱਖਦਿਆਂ ਕਿਹਾ ਕਿ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਪੰਜਾਬ ਦਾ ਵਿਸ਼ੇਸ਼ ਗੰਨਾ ਜ਼ੋਨ ਐਲਾਨਿਆ ਜਾਵੇ, ਤਾਂ ਜੋ ਇਸ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਖੇਤੀਬਾੜੀ ਸਬੰਧੀ ਵਿਸ਼ੇਸ਼ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਨੂੰ ਗੰਭੀਰਤਾ ਨਾਲ ਅਪਣਾਉਣ ਅਤੇ ਖੇਤੀ ਨੂੰ ਰਵਾਇਤੀ ਢੰਗ ਤੋਂ ਬਾਹਰ ਕੱਢ ਕੇ ਆਧੁਨਿਕ ਤਕਨੀਕ ਨਾਲ ਜੋੜਨ। ਇਸ ਮੌਕੇ ਏਸੀਐੱਮ ਇਨਕਲਾਬ ਸਿੰਘ, ਡਿਵੀਜ਼ਨ ਇੰਚਾਰਜ ਭੰਗਾਲਾ ਵਿਕਾਸ ਡਡਵਾਲ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।