- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਗੜ੍ਹਸ਼ੰਕਰ ਵਿੱਚ ਰੋਸ ਮਾਰਚ ਉਪਰੰਤ ਡਿਪਟੀ ਸਪੀਕਰ ਰੌੜੀ ਦੇ ਘਰ ਦਾ ਘਿਰਾਓ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ
ਗੜ੍ਹਸ਼ੰਕਰ : ਪੰਜਾਬ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੰਘਰਸ਼ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਹੰਕਾਰੀ ਤੇ ਅੜੀਅਲ ਵਤੀਰਾ ਅਪਣਾਉਂਦੇ ਹੋਏ ਮੁਲਾਜ਼ਮਾਂ/ਪੈਨਸ਼ਨਰਾਂ ਨੂੰ ਡੀਏ ਦੀਆਂ ਕਿਸ਼ਤਾਂ ਨਾ ਜਾਰੀ ਕਰਨ ਤੇ ਹੋਰ ਅਹਿਮ ਮੰਗਾਂ ਨਾ ਮੰਨਣ ਅਤੇ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਮੀਟਿੰਗ ਤੋਂ ਖ਼ੁਦ ਹੀ ਭਗੌੜਾ ਹੋਣ ਉਪਰੰਤ ਮੁਲਾਜ਼ਮਾਂ ਖ਼ਿਲਾਫ਼ ਕੂੜ ਪ੍ਰਚਾਰ ਵਿੱਢਣ ਅਤੇ ਬਦਲਾ ਲਊ ਭਾਵਨਾ ਤਹਿਤ ਮੁਲਾਜ਼ਮ ਆਗੂਆਂ ਦੀਆਂ ਬਦਲੀਆਂ ਕਰਨ ਵਿਰੁੱਧ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਦੇ ਮੰਤਰੀਆਂ ਦੇ ਦਫ਼ਤਰਾਂ/ਘਰਾਂ ਦੇ ਘਿਰਾਓ ਦੇ ਸੱਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਵਿਸ਼ਾਲ ਇਕੱਠ ਉਪਰੰਤ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਰਿਹਾਇਸ਼ ਵੱਲ ਨੂੰ ਜ਼ਬਰਦਸਤ ਰੋਸ ਮਾਰਚ ਅਤੇ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਮਿਡ-ਡੇ-ਮੀਲ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਅਤੇ ਮੁਜ਼ਾਹਰੇ ਵਿੱਚ ਸ਼ਾਮਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਜਥੇਬੰਦੀਆਂ ਦੇ ਝੰਡਿਆਂ ਦੇ ਨਾਲ ਰੋਸ ਦਾ ਪ੍ਰਗਟਾਵਾ ਕਰਨ ਲਈ ਕਾਲੇ ਝੰਡੇ ਵੀ ਚੁੱਕੇ ਹੋਏ ਸਨ ਜੋ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਪ੍ਰਤੀ ਗਹਿਰੇ ਗੁੱਸੇ ਅਤੇ ਰੋਸ ਦਾ ਪ੍ਰਤੀਕ ਸਨ। ਬਹੁਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰੋਸ ਵਜੋਂ ਕਾਲੀਆਂ ਪੱਗਾਂ ਅਤੇ ਪੱਟੀਆਂ ਬੰਨੀਆਂ ਸਨ ਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਲਈਆਂ ਹੋਈਆਂ ਸਨ। ਰੋਸ ਮਾਰਚ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਦੇ ਹੰਕਾਰੀ ਤੇ ਅੜੀਅਲ ਵਤੀਰੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਆਮ ਜਨਤਾ ਨੂੰ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਰੇ ਕੀਤੇ ਕੂੜ੍ਹ ਪ੍ਰਚਾਰ ਦੀ ਸੱਚਾਈ ਤੋਂ ਜਾਣੂ ਕਰਵਾਇਆ ਗਿਆ। ਡਿਪਟੀ ਸਪੀਕਰ ਨੇ ਆਪਣੇ ਘਰ ਸਾਹਮਣੇ ਲੱਗੇ ਰੋਸ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਸਮੇਂ ਸਤੀਸ਼ ਰਾਣਾ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦੀ ਨਿਖੇਧੀ ਕਰਦਿਆਂ ਮੰਗਾਂ ਦੀ ਚਰਚਾ ਕੀਤੀ। ਇਸ ਸਮੇਂ ਮੁਲਾਜ਼ਮ ਅਤੇ ਪੈਨਸ਼ਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।