ਨਿਕਾਸੀ ਪ੍ਰਬੰਧਾਂ ਦੀ ਅਣਦੇਖੀ ਕਾਰਨ ਡਾਲੋਵਾਲ ਵਾਸੀ ਪਰੇਸ਼ਾਨ ਨਿਕਾਸੀ ਪ੍ਰਬੰਧਾਂ ਦੀ ਅਣਦੇਖੀ ਕਾਰਨ ਡਾਲੋਵਾਲ ਵਾਸੀ ਪ੍ਰੇਸ਼ਾਨ
Publish Date: Thu, 10 Sep 2026 06:53 PM (IST)
Updated Date: Thu, 10 Sep 2026 06:55 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਇੱਥੇ ਸੀਨੀਅਰ ਕਾਂਗਰਸੀ ਆਗੂ ਅਤੇ ਮੈਂਬਰ ਪੀਪੀਸੀਸੀ ਸੁਮਿਤ ਡਡਵਾਲ ਨੇ ਹਲਕਾ ਮੁਕੇਰੀਆਂ ਦੇ ਪਿੰਡ ਡਾਲੋਵਾਲ ਦਾ ਦੌਰਾ ਕਰਕੇ ਪਿੰਡ ਵਿੱਚ ਨਿਕਾਸੀ ਪ੍ਰਬੰਧਾਂ ਅਤੇ ਛੱਪੜ ਦੀ ਸਥਿਤੀ ਦਾ ਜਾਇਜ਼ਾ ਲਿਆ। ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸੁਮਿਤ ਡਡਵਾਲ ਨੇ ਦੱਸਿਆ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਓਵਰਫਲੋਅ ਹੋ ਕੇ ਪਿੰਡ ਦੀਆਂ ਗਲੀਆਂ ਅਤੇ ਸੜਕਾਂ ’ਤੇ ਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਤੱਕ ਕਿ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਸੜਕਾਂ ’ਤੇ ਖੜ੍ਹਾ ਗੰਦਾ ਪਾਣੀ ਨਾ ਸਿਰਫ਼ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸਗੋਂ ਇਸ ਕਾਰਨ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਸਾਫ਼-ਸਫ਼ਾਈ ਅਤੇ ਨਿਕਾਸੀ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿੰਡ ਡਾਲੋਵਾਲ ਦੀ ਮੌਜੂਦਾ ਸਥਿਤੀ ਸਰਕਾਰੀ ਦਾਅਵਿਆਂ ਦੀ ਅਸਲ ਤਸਵੀਰ ਪੇਸ਼ ਕਰ ਰਹੀ ਹੈ। ਸੁਮਿਤ ਡਡਵਾਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਦੀ ਨਿਕਾਸੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੋਮਵਾਰ ਨੂੰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬੀਡੀਪੀਓ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ।