- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧੂਰੇ ਬਾਈਪਾਸ ਦੇ ਵਾਅਦੇ, ਟਿੱਪਰਾ ਦੀ ਧੱਕੇਸ਼ਾਹੀ ਅਤੇ ਮਾੜੀ ਕਾਨੂੰਨ ਵਿਵਸਥਾ ਨੂੰ ਲੈਕੇ ਭਾਜਪਾ ਆਗੂਆਂ ਨੇ ਕੀਤਾ ਪ੍ਰਦਰਸ਼ਨ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਹਲਕੇ ਦੇ ਭਾਜਪਾ ਵਰਕਰਾਂ ਨੇ ਸ਼ਹਿਰ ਦੇ ਸਥਾਨਕ ਬੰਗਾ ਚੌਂਕ ਵਿਚ ਹਲਕਾ ਵਿਧਾਇਕ ਵਲੋਂ ਬਾਈਪਾਸ ਬਣਾਉਣ ਦੇ ਝੂਠੇ ਵਾਅਦੇ, ਸ਼ਹਿਰ ਦੀ ਵਿਗੜਦੀ ਟ੍ਰੈਫਿਕ ਸਥਿਤੀ ਅਤੇ ਰੋਜ਼ਾਨਾ ਟਿੱਪਰਾਂ ਨਾਲ ਲੱਗ ਰਹੇ ਟ੍ਰੈਫਿਕ ਜਾਮ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਅਤੇ ਸਰਕਾਰ ਅਤੇ ਪ੍ਰਸ਼ਾਸਨ ਇਸ ਦਾ ਹੱਲ ਕੱਢਣ ’ਚ ਫੇਲ੍ਹ ਹੋ ਗਿਆ ਹੈ। ਇਸ ਮੌਕੇ ਗੱਲ ਕਰਦਿਆਂ ਮਹਿੰਦਰ ਰਿੰਕੂ ਚਾਂਦਪੁਰੀ ਸਮੇਤ ਭਾਜਪਾ ਵਰਕਰਾਂ ਨੇ ਦੋਸ਼ ਲਗਾਇਆ ਕਿ ਟਿੱਪਰ ਚਾਲਕ ਡੀਸੀ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਜਿਸ ਕਾਰਨ ਸ਼ਹਿਰ ਦੀ ਪੂਰੀ ਟਰੈਫਿਕ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ ਅਤੇ ਪੈਦਲ ਚੱਲਣ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਵਰਕਰਾਂ ਨੇ ਕਿਹਾ ਕਿ ਬਾਈਪਾਸ ਦੇ ਨਿਰਮਾਣ ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ, ਪਰ ਅਜੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੀ.ਸੀ. ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਾਈ ਜਾਵੇ, ਸ਼ਹਿਰ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇ ਅਤੇ ਗੜ੍ਹਸ਼ੰਕਰ ਬਾਈਪਾਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹਨਾ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਸੋਨੀ ਬੋੜਾ, ਸੰਜੀਵ ਕਟਾਰੀਆ, ਬਲਦੇਵ ਕ੍ਰਿਸ਼ਨ, ਰੇਸ਼ਵ ਰਯਾਤ, ਤਾਰਾ ਚੰਦ, ਨਵੀਨ ਕੁਮਾਰ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ।