ਪੇਂਡੂ ਚੌਕੀਦਾਰਾਂ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਰਨਗੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ
Publish Date: Wed, 09 Sep 2026 06:46 PM (IST)
Updated Date: Wed, 09 Sep 2026 06:46 PM (IST)
- ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਰਨਗੇ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਲਾਲ ਝੰਡਾ ਪੇਂਡੂ ਚੌਕੀਦਾਰਾਂ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟਿੰਗ ਤਹਿਸੀਲ ਟਾਂਡਾ ਵਿਖੇ ਹੋਈ, ਜਿਸ ਵਿੱਚ ਪੇਂਡੂ ਚੌਕੀਦਾਰਾਂ ਨੇ ਆਪਣੀਆਂ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਹਿਸੀਲ ਟਾਂਡਾ ਅਤੇ ਜਿਲਾ ਪ੍ਰਧਾਨ ਹੁਸ਼ਿਆਰਪੁਰ ਜੋਗਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਤਹਿਸੀਲ ਟਾਂਡਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਤੋਂ ਚੌਕੀਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪ੍ਰਧਾਨ ਜੋਗਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਹੇਠ ਪੰਜਾਬ ਸਿਵਲ ਸਕੱਤਰੇਤ ਵਿਖੇ ਮਾਲ ਮੰਤਰੀ ਪੰਜਾਬ ਅਤੇ ਵਿੱਤ ਕਮਿਸ਼ਨਰ ਮਾਲ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਵਿੱਤ ਮੰਤਰੀ ਪੰਜਾਬ ਨਾਲ ਮਾਣ ਭੱਤੇ ਦੇ ਵਾਧੇ ਸਬੰਧੀ ਮੀਟਿੰਗ ਕਰਵਾਈ ਜਾਵੇ ਪਰ ਹਾਲੇ ਤੱਕ ਸਰਕਾਰ ਜਾਂ ਉਸ ਦੇ ਨੁਮਾਇੰਦਿਆਂ ਵੱਲੋਂ ਮੀਟਿੰਗ ਦੀ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ, ਜਿਸ ਕਾਰਨ ਪੰਜਾਬ ਭਰ ਦੇ ਪੇਂਡੂ ਚੌਕੀਦਾਰਾਂ ਵਿੱਚ ਸੂਬਾ ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਹੈ। ਪੇਂਡੂ ਚੌਕੀਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਪਿਛਲੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ। ਹੁਣ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਖ਼ਿਲਾਫ਼ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਸਰਕਾਰ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਪੰਜਾਬ ਪੱਧਰ ’ਤੇ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਮਾਲ ਮੰਤਰੀ ਪੰਜਾਬ ਦੇ ਹਲਕੇ ਤੋਂ ਕੀਤੀ ਜਾਵੇਗੀ। ਇਸ ਮੌਕੇ ਕੁਲਦੀਪ ਸਿੰਘ ਸਹਿਬਾਜ਼ਪੁਰ, ਕ੍ਰਿਸ਼ਨ ਕੁਮਾਰ ਜਾਜਾ, ਪਰਮਜੀਤ ਝੱਜਾ, ਮੀਦਾਂ ਝਾਵਾਂ, ਮੰਗਤ ਰਾਮ ਜਲਾਲਪੁਰ, ਜਸਵੀਰ ਸਿੰਘ ਬੈਂਸ ਅਵਾਨ, ਕਸ਼ਮੀਰ ਸਿੰਘ ਬੈਂਸ ਅਵਾਨ, ਸਤਪਾਲ ਸਿੰਘ ਦੁਗਲ, ਚਮਨ ਲਾਲ ਭੂਲਪੁਰ, ਜੋਗਿੰਦਰ ਸਿੰਘ ਖੋਖਰ, ਜਗਜੀਤ ਸਿੰਘ ਮੂਨਕਾ, ਪਰਮਜੀਤ ਸਿੰਘ ਬੱਲੀ, ਸਤਪਾਲ ਸਿੰਘ ਜਹੂਰਾ ਅਤੇ ਹੋਰ ਵੀ ਮੌਜੂਦ ਸਨ।