ਕਿਸਾਨ ਜਥੇਬੰਦੀ ਫੂਕਿਆ ਸੂਬਾ ਸਰਕਾਰ ਦਾ ਪੁਤਲਾ, ਕੀਤੀ ਨਾਅਰੇਬਾਜ਼ੀ ਕਿਸਾਨ ਜਥੇਬੰਦੀ ਫੂਕਿਆ ਸੂਬਾ ਸਰਕਾਰ ਦਾ ਪੁਤਲਾ, ਕੀਤੀ ਨਾਅਰੇਬਾਜ਼ੀ
Publish Date: Wed, 09 Sep 2026 06:19 PM (IST)
Updated Date: Wed, 09 Sep 2026 06:19 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਜਥੇਬੰਦੀ ਵੱਲੋਂ ਸਰਕਾਰੀ ਹਸਪਤਾਲ ਚੌਕ ਟਾਂਡਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਹਲਕੇ ਵਿਖੇ ਨਸ਼ਿਆਂ ਖ਼ਿਲਾਫ਼ ਸਵਾਲ ਚੁੱਕਣ ਵਾਲੇ ਗੁਲਜ਼ਾਰ ਸਿੰਘ ਦੇ ਖੁਦਕਸ਼ੀ ਮਾਮਲੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੈਬਨਿਟ ਮੰਤਰੀ ਹਰਪਾਲ ਚੀਮਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਠੱਲ ਪਾਉਣ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ ਅਤੇ ਉਲਟਾ ਪਿੰਡ ਪਿੰਡ ਨਸ਼ਾ ਵਿਕ ਰਿਹਾ ਹੈ ਅਤੇ ਜਦੋਂ ਕੋਈ ਨਸ਼ੇ ਖ਼ਿਲਾਫ਼ ਬੋਲਦਾ ਹੈ ਤਾਂ ਉਨ੍ਹਾਂ ਨੂੰ ਸਰਕਾਰੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਲਜਾਰ ਸਿੰਘ ਦੀ ਮੌਤ ਤੋਂ ਪਹਿਲਾਂ ਉਸ ਦੇ ਵੀਡੀਓ ਵਿਚ ਸਾਫ-ਸਾਫ ਮੰਤਰੀ ਚੀਮਾ ’ਤੇ ਦੋਸ਼ ਲਗਾਇਆ ਹੈ ਪਰ ਇਸ ਦੇ ਬਾਵਜੂਦ ਮੰਤਰੀ ਦਾ ਨਾਮ ਐੱਫਆਈਆਰ ਵਿਚ ਨਹੀਂ ਹੈ। ਉਨ੍ਹਾਂ ਆਖਿਆ ਕਿ ਮੰਤਰੀ ਖ਼ਿਲਾਫ਼ ਕਾਰਵਾਈ ਲਈ ਉਹ ਲਗਾਤਾਰ ਸੰਘਰਸ਼ ਕਰਨਗੇ। ਇਸ ਮੌਕੇ ਜ਼ੋਨ ਪ੍ਰਧਾਨ ਜਗਦੀਪ ਸਿੰਘ ਗਿੱਲ, ਦਵਿੰਦਰ ਸਿੰਘ ਕਾਹਲੋ, ਸੁਖਵੀਰ ਸਿੰਘ ਨਰਵਾਲ, ਨਿਸ਼ਾਨ ਸਿੰਘ, ਵਲੰਟੀਅਰ ਗੁਰਜੀਤ ਸਿੰਘ ਕੰਗ, ਗਨੇਸ਼ ਦੋਸਾਂਝ, ਜਸਵੰਤ ਸਿੰਘ, ਜਸਵਿੰਦਰ ਸਿੰਘ, ਵਰਿਆਮ ਸਿੰਘ, ਗੁਰਮੇਲ ਸਿੰਘ, ਸ਼ਫੀ ਮੁਹੰਮਦ, ਮੋਹਦੀਪ ਸਿੰਘ ਚੌਹਾਨ, ਭੁਪਿੰਦਰ ਸਿੰਘ ਬਾਜਵਾ ਆਦਿ ਮੌਜੂਦ ਸਨ।