‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਬਲਾਕ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮਖਮ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਇਆ ਦਮਖਮ
Publish Date: Tue, 08 Sep 2026 06:18 PM (IST)
Updated Date: Tue, 08 Sep 2026 06:19 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਐਥਲੈਟਿਕਸ, ਖੋ-ਖੋ, ਕਬੱਡੀ ਸਰਕਲ ਸਟਾਈਲ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-2 ਅਧੀਨ ਪਿੰਡ ਬੋਹਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਦੀ ਖੋ-ਖੋ ਪ੍ਰਤੀਯੋਗਿਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੀ ਟੀਮ ਨੇ ਪਹਿਲਾ ਸਥਾਨ, ਲੜਕੀਆਂ ਦੀ ਖੋ-ਖੋ ਪ੍ਰਤੀਯੋਗਿਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਨੇ ਦੂਜਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੀ ਵਾਲੀਬਾਲ ਪ੍ਰਤੀਯੋਗਤਾ ਵਿੱਚ ਦਸਮੇਸ਼ ਸਪੋਰਟਸ ਕਲੱਬ, ਬਸੀ ਹਸਤ ਖਾਂ ਦੀ ਟੀਮ ਨੇ ਪਹਿਲਾ ਸਥਾਨ, ਆਕਸਫੋਰਡ ਇੰਟਰਨੈਸ਼ਨਲ ਸਕੂਲ ਜਿਆਣ ਦੀ ਟੀਮ ਦੂਜੇ ਸਥਾਨ ’ਤੇ ਰਹੀ ਅਤੇ ਜ਼ਿਲ੍ਹੇ ਦੀਆਂ ਲੜਕੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਬਲਾਕ ਗੜ੍ਹਸ਼ੰਕਰ ਵਿੱਚ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਹੋਏ ਮੁਕਾਬਲਿਆਂ ਵਿੱਚ ਅੰਡਰ-17 ਲੜਕਿਆਂ ਦੀ ਵਾਲੀਬਾਲ ਪ੍ਰਤੀਯੋਗਤਾ ਵਿੱਚ ਮਹਿੰਦਬਾਣੀ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਨੇ ਦੂਜਾ ਅਤੇ ਪਿੰਡ ਬੀਨੇਵਾਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਉੱਥੇ ਹੀ ਅੰਡਰ-21 ਲੜਕਿਆਂ ਦੀ ਵਾਲੀਬਾਲ ਪ੍ਰਤੀਯੋਗਤਾ ਵਿੱਚ ਪਿੰਡ ਬੀਨੇਵਾਲ ਦੀ ਟੀਮ ਪਹਿਲੇ ਅਤੇ ਸ਼ਹੀਦ ਭਗਤ ਸਿੰਘ ਕਲੱਬ, ਗੜ੍ਹਸ਼ੰਕਰ ਦੀ ਟੀਮ ਦੂਜੇ ਸਥਾਨ ’ਤੇ ਰਹੀ। ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਵਿੱਚ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਦੀ 600 ਮੀਟਰ ਦੌੜ ਵਿੱਚ ਅਭਿਜੋਤ ਸਿੰਘ ਨੇ ਪਹਿਲਾ, ਤਨਵੀਰ ਸਿੰਘ ਨੇ ਦੂਜਾ ਅਤੇ ਨਵਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਦੀ ਲੰਬੀ ਛਾਲ ਪ੍ਰਤੀਯੋਗਤਾ ਵਿੱਚ ਨਿਤੇਸ਼ ਨੇ ਪਹਿਲਾ, ਬਲਦੀਪ ਸਿੰਘ ਨੇ ਦੂਜਾ, ਮਨਕੀਰਤ ਸਿੰਘ ਨੇ ਤੀਜਾ ਅਤੇ ਗੁਰਨੂਰ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਬਲਾਕ ਮੁਕੇਰੀਆਂ ਦੇ ਕੈਂਪ ਗਰਾਊਂਡ ਵਿੱਚ ਕਰਵਾਈ ਗਈ ਅੰਡਰ-14 ਲੜਕੀਆਂ ਦੀ 600 ਮੀਟਰ ਦੌੜ ਵਿੱਚ ਖੇਵਨਾ ਠਾਕੁਰ ਨੇ ਪਹਿਲਾ ਅਤੇ ਰਿਧੀ ਠਾਕੁਰ ਨੇ ਦੂਜਾ ਸਥਾਨ ਹਾਸਲ ਕੀਤਾ। ਉੱਥੇ ਹੀ ਅੰਡਰ-17 ਲੜਕੀਆਂ ਦੀ ਕਬੱਡੀ ਸਰਕਲ ਸਟਾਈਲ ਪ੍ਰਤੀਯੋਗਤਾ ਵਿੱਚ ਗੋਲਡ ਪਬਲਿਕ ਸਕੂਲ, ਰੰਗਾਂ ਮੁਕੇਰੀਆਂ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ 21-30 ਸਾਲ ਉਮਰ ਵਰਗ ਦੀ ਕਬੱਡੀ ਨੈਸ਼ਨਲ ਸਟਾਈਲ ਪ੍ਰਤੀਯੋਗਤਾ ਵਿੱਚ ਅਰਸੀ ਕੈਂਪ ਗਰਾਊਂਡ ਮੁਕੇਰੀਆਂ ਦੀ ਟੀਮ ਨੇ ਜਿੱਤ ਦਰਜ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਬਲਾਕ ਪੱਧਰੀ ਖੇਡ ਮੁਕਾਬਲੇ 12 ਸਤੰਬਰ 2026 ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ।