- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਵੱਲੋਂ ਸਰਕਾਰੀ ਟੀ.ਬੀ. ਕਲੀਨਿਕ ਦਾ ਅਚਨਚੇਤ ਦੌਰਾ

ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਮਰੀਜ਼ਾਂ ਨੂੰ ਮਿਆਰੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਸੰਸਥਾਵਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਵੱਲੋਂ ਕੱਲ ਸਰਕਾਰੀ ਟੀਬੀ ਕਲੀਨਿਕ ਹੁਸ਼ਿਆਰਪੁਰ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਡੀਪੀਐੱਮ ਐੱਨਐੱਚਐੱਮ ਮੁਹੰਮਦ ਆਸਿਫ ਅਤੇ ਪੀਏ ਸਤਪਾਲ ਵੀ ਮੌਜੂਦ ਸਨ। ਡਾ. ਮਨਦੀਪ ਕਮਲ ਵੱਲੋਂ ਜ਼ਿਲ੍ਹਾ ਟੀਬੀ ਅਫ਼ਸਰ ਡਾ. ਸ਼ਕਤੀ ਸ਼ਰਮਾ ਦੇ ਸਹਿਯੋਗ ਨਾਲ ਕਲੀਨਿਕ ਦੇ ਵੱਖ-ਵੱਖ ਸੈਕਸ਼ਨਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਕਲੀਨਿਕ ਵਿੱਚ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਤੋਂ ਕਲੀਨਿਕ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ, ਸਟਾਫ਼ ਦੇ ਵਿਵਹਾਰ ਅਤੇ ਇਲਾਜ ਸਬੰਧੀ ਫੀਡਬੈਕ ਲਿਆ ਗਿਆ। ਕਲੀਨਿਕ ਵਿੱਚ ਤਾਇਨਾਤ ਸਮੁੱਚੇ ਸਟਾਫ਼ ਦੀ ਹਾਜ਼ਰੀ ਵੀ ਚੈੱਕ ਕੀਤੀ। ਡਾ. ਮਨਦੀਪ ਕਮਲ ਨੇ ਸਮੁੱਚੇ ਸਟਾਫ਼ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਮਰੀਜ਼ ਨੂੰ ਇਲਾਜ ਜਾਂ ਸਿਹਤ ਸੇਵਾਵਾਂ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ।