12 ਨੂੰ ਡਿਪਟੀ ਸਪੀਕਰ ਦੇ ਘਿਰਾਓ ’ਚ ਫੈੱਡਰੇਸ਼ਨ ਤੇ ਪੈਨਸ਼ਨਰ ਐਸੋਸੀਏਸ਼ਨ ਕਰੇਗੀ ਵੱਡੀ ਸ਼ਮੂਲੀਅਤ 12 ਸਤੰਬਰ ਨੂੰ ਡਿਪਟੀ ਸਪੀਕਰ ਦੇ ਘਿਰਾਓ ਵਿਚ ਫੈਡਰੇਸ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਕਰੇਗੀ ਵੱਡੀ ਸ਼ਮੂਲੀਅਤ
Publish Date: Tue, 08 Sep 2026 04:52 PM (IST)
Updated Date: Tue, 08 Sep 2026 04:55 PM (IST)
- ਅਤਦਾਣਾ ਮੰਡੀ ਗੜ੍ਹਸ਼ੰਕਰ ਤੋਂ ਸ਼ੁਰੂ ਹੋਵੇਗਾ ਰੋਸ ਮਾਰਚ ਫੁਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜਸ਼ੰਕਰ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਇਕਾਈ ਬਲਾਕ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਸ਼ਾਮ ਸੁੰਦਰ ਕਪੂਰ ਦੀ ਪ੍ਰਧਾਨਗੀ ਹੇਠ ਲਾਇਬ੍ਰੇਰੀ ਗਾਂਧੀ ਪਾਰਕ ਗੜਸ਼ੰਕਰ ਵਿਖੇ ਹੋਈ। ਮੀਟਿੰਗ ਵਿੱਚ ਫੈੱਡਰੇਸ਼ਨ ਦੇ ਸੂਬਾਈ ਆਗੂ ਅਤੇ ਜੰਗਲਾਤ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਅਮਰੀਕ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੇ ਫੈਸਲਿਆਂ ਬਾਰੇ ਪ੍ਰੈੱਸ ਨੂੰ ਫੈੱਡਰੇਸ਼ਨ ਤੇ ਪੈਨਸ਼ਨਰ ਆਗੂਆਂ ਜੀਤ ਸਿੰਘ ਬਗਵਾਈ, ਵਿਨੋਦ ਕੁਮਾਰ, ਪਵਨ ਗੋਇਲ, ਵਿਕਰਮਜੀਤ ਸਿੰਘ, ਬਲਵੰਤ ਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਥੇਬੰਦੀਆਂ ਦੇ ਸੰਘਰਸ਼ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਏ ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਨਾ ਤਾਂ ਮੁਲਾਜ਼ਮਾਂ ਨੂੰ ਬਣਦਾ ਡੀਏ ਦਿੱਤਾ ਜਾ ਰਿਹਾ ਤੇ ਨਾ ਹੀ ਬਾਕੀ ਜਾਇਜ਼ ਮੰਗਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਬਦਲਾ ਲਊ ਭਾਵਨਾ ਅਧੀਨ ਮੁਲਾਜ਼ਮ ਆਗੂਆਂ ਦੇ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ। ਪੰਜਾਬ ਸਰਕਾਰ ਦੇ ਇਸ ਹੰਕਾਰੀ ਤੇ ਅੜੀਅਲ ਵਤੀਰੇ ਵਿਰੁੱਧ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਤੇ ਆਧਾਰਿਤ ਤਾਲਮੇਲ ਕਮੇਟੀ ਵੱਲੋਂ ਸਮੁੱਚੇ ਪੰਜਾਬ ਵਿੱਚ ਮੰਤਰੀਆਂ ਦੀਆਂ ਰਿਹਾਇਸ਼ਾਂ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਕੜੀ ਤਹਿਤ 12 ਸਤੰਬਰ ਨੂੰ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰ ਸ਼ਾਮਲ ਹੋਣਗੇ। ਦੋਵੇਂ ਜ਼ਿਲ੍ਹਿਆਂ ਦੇ ਸਾਥੀ 10 ਸਵੇਰੇ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਇਕੱਠੇ ਹੋਣਗੇ ਅਤੇ ਇੱਥੋਂ ਹੀ ਡਿਪਟੀ ਸਪੀਕਰ ਦੀ ਰਿਹਾਇਸ਼ ਵੱਲ ਰੋਸ ਮਾਰਚ ਸ਼ੁਰੂ ਹੋਵੇਗਾ। ਬਲਾਕ ਗੜ੍ਹਸ਼ੰਕਰ ਤੋਂ ਵੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੈਂਕੜੇ ਸਾਥੀ ਇਸ ਐਕਸ਼ਨ ਵਿਚ ਸ਼ਮੂਲੀਅਤ ਕਰਨਗੇ। ਆਗੂਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਹੰਕਾਰੀ ਤੇ ਅੜੀਅਲ ਵਤੀਰਾ ਜ਼ਾਰੀ ਰੱਖਿਆ ਤਾਂ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਜ਼ਬਰਦਸਤ ਰੋਸ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਗੁਰਨਾਮ ਸਿੰਘ ਹਾਜੀਪੁਰ, ਪਵਨ ਕੁਮਾਰ ਗੜ੍ਹੀ, ਜਗਦੀਸ਼ ਪੱਖੋਵਾਲ, ਰਮਨ ਕੁਮਾਰ, ਸਤੀਸ਼ ਕੁਮਾਰ, ਸ਼ਿੰਗਾਰਾ ਰਾਮ ਭੱਜਲ ਅਤੇ ਮਹਿੰਦਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ।