- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀ ਸਾਹਿਤ ਦੇ ਸਿਰਜਕ ਬਣਨ ਤੋਂ ਪਹਿਲਾਂ ਪਾਠਕ ਬਣਨ- ਬਲਜਿੰਦਰ ਮਾਨ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਵਿਦਿਆਰਥੀਆ ਨੂੰ ਸਾਹਿਤ ਦੇ ਸਿਰਜਕ ਬਣਨ ਤੋਂ ਪਹਿਲਾਂ ਪਾਠਕ ਬਣਨਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋਟ ਵਿਖੇ ਲਗਾਈ ਨੰਨ੍ਹੇ ਲੇਖਕ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਪੜ੍ਹਾਂਗੇ ਉਨਾ ਹੀ ਸਾਡੇ ਕੋਲ ਸ਼ਬਦ ਭੰਡਾਰ ਅਤੇ ਸ਼ਬਦ ਜੜਤ ਦੀ ਤਕਨੀਕ ਆਵੇਗੀ। ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸ਼ਾਮਲ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਦੇ ਮੁੱਖ ਸੰਪਾਦਕ ਮਾਨ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਸਾਹਿਤ ਸਿਰਜਣਾ ਦੇ ਗੁਰੂ ਸਿਖਾਏ ਗਏ। ਉਨ੍ਹਾਂ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ ਨੂੰ ਨਿੱਕੀਆਂ ਕਰੂੰਬਲਾਂ ਰਸਾਲੇ ਦੀਆਂ ਕਾਪੀਆਂ ਤੋਹਫੇ ਵਜੋਂ ਭੇਟ ਕੀਤੀਆਂ। ਪ੍ਰਿੰਸੀਪਲ ਪ੍ਰੇਮ ਧੀਮਾਨ ਨੇ ਦੱਸਿਆ ਕਿ ਸਕੂਲ ਦੇ ਸਾਲਾਨਾ ਮੈਗਜ਼ੀਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵਰਕਸ਼ਾਪ ਮੌਕੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੌਲਿਕ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਨਿੱਕੀਆਂ ਕਰੂੰਬਲਾਂ ਪ੍ਰਕਾਸੂਨ ਵੱਲੋਂ ਸਕੂਲ ਵਿੱਚ ਬਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਸੰਚਾਲਨ ਵਿਦਿਆਰਥੀ ਅਨਮੋਲਪ੍ਰੀਤ ਅਤੇ ਬਲਜੀਤ ਸਿੰਘ ਨੇ ਕੀਤਾ। ਪ੍ਰਿੰਸੀਪਲ ਨੇ ਬਲਜਿੰਦਰ ਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਸਕੂਲ ਨੂੰ ਕਿਤਾਬਾਂ ਦਾ ਇੱਕ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਸੁਧੀਰ ਰਾਣਾ, ਰਕੇਸ਼ ਕੁਮਾਰ, ਪਰਮਜੀਤ ਕੰਗ, ਸੁਦੇਸ਼ ਕੁਮਾਰੀ, ਸਪਨਾ, ਪ੍ਰਿਅੰਕਾ, ਅੰਜਨਾ ਸਮੇਤ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।