ਪਿੰਡ ਲਲਵਾਣ ਦੇ ਵਿਅਕਤੀ ’ਤੇ ਕਰੀਬ ਦੋ ਦਰਜਨ ਬਾਂਦਰਾ ਦੇ ਝੁੰਡ ਨੇ ਕੀਤਾ ਹਮਲਾ ਪਿੰਡ ਲਲਵਾਣ ਦੇ ਵਿਅਕਤੀ ’ਤੇ ਕਰੀਬ ਦੋ ਦਰਜਨ ਬਾਂਦਰਾ ਦੇ ਝੁੰਡ ਨੇ ਕੀਤਾ ਹਮਲਾ
Publish Date: Sun, 06 Sep 2026 05:45 PM (IST)
Updated Date: Sun, 06 Sep 2026 05:46 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਪਿੰਡ ਲਲਵਾਣ ’ਚ ਬੀਤੇ ਦਿਨੀਂ ਘਰ ਦੇ ਕੋਠੇ ਦੀ ਛੱਤ ਦੀ ਸਫ਼ਾਈ ਕਰਦੇ ਇਕ ਵਿਅਕਤੀ ’ਤੇ ਕਰੀਬ ਦੋ ਦਰਜਨ ਬਾਂਦਰਾ ਦੇ ਹਮਲੇ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ ਦੇ ਸਰਪੰਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਉਮਰ 63 ਸਾਲ ਬੀਤੇ ਦਿਨੀਂ ਆਪਣੇ ਕੋਠੇ ਦੀ ਛੱਤ ’ਤੇ ਸਫ਼ਾਈ ਕਰ ਰਿਹਾ ਸੀ ਅਤੇ ਅਚਾਨਕ ਦੋ ਦਰਜਨ ਦੇ ਕਰੀਬ ਬਾਂਦਰਾਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਭਰਾ ਕੋਠੇ ਤੋਂ ਹੇਠਾਂ ਡਿੱਗ ਪਿਆ। ਜਿਸ ਨਾਲ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ। ਸਰਪੰਚ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜੰਗਲ ਵਿੱਚ ਫਲਦਾਰ ਦਰੱਖਤ ਵੱਢਣ ਅਤੇ ਪਹਾੜੀਆਂ ਢਾਉਣ ਕਾਰਨ ਜਾਨਵਰਾਂ ਦੇ ਖਾਣ ਲਈ ਕੁਝ ਨਾ ਹੋਣ ਕਰ ਕੇ ਜਾਨਵਰ ਆਬਾਦੀ ਵੱਲ ਆ ਰਹੇ ਹਨ ਅਤੇ ਲੋਕਾਂ ਦੇ ਘਰਾਂ ਅੰਦਰ ਜਾ ਕੇ ਨੁਕਸਾਨ ਵੀ ਕਰ ਰਹੇ ਹਨ। ਇਹ ਮਾਮਲਾ ਕਈ ਵਾਰ ਜੰਗਲਾਤ ਵਿਭਾਗ ਅਤੇ ਵਾਈਡ ਲਾਈਫ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਪਰ ਕਾਰਵਾਈ ਨਹੀ ਹੋਈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਇਹ ਵਾਕਿਆ ਨਾ ਹੁੰਦਾ। ਸਰਪੰਚ ਰਾਜੇਸ਼ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਬਾਂਦਰਾਂ ਦੇ ਹੋ ਰਹੇ ਹਮਲਿਆਂ ਦਾ ਕੋਈ ਹੱਲ ਕੀਤਾ ਜਾਵੇ। ਜਦੋਂ ਇਸ ਸਬੰਧੀ ਰਾਜ ਅਫ਼ਸਰ ਵਾਈਡ ਲਾਈਫ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਬਾਂਦਰ ਸਾਡੇ ਐਕਟ ਵਿੱਚ ਸੀ ਪਰ ਹੁਣ ਸਾਡੇ ਐਕਟ ਵਿਚ ਨਹੀਂ ਹਨ, ਇਸ ਕਰ ਕੇ ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਜੰਗਲਾਤ ਵਿਭਾਗ ਦੇ ਅਫ਼ਸਰ ਅਮਰਵੀਰ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਡੇ ਵੀ ਐਕਟ ਵਿੱਚ ਨਹੀਂ ਹੈ, ਅਸੀਂ ਵੀ ਕੁੱਝ ਨਹੀਂ ਕਰ ਸਕਦੇ।