- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ’ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨਾਲ ਕੀਤਾ ਵਿਸ਼ਵਾਸਘਾਤ: ਮਹਾਜਨ / ਮਨਹਾਸ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਅਧਿਆਪਕ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਪੰਜਾਬ ਦੇ ਅਧਿਆਪਕਾਂ ਨਾਲ ਵਿਸ਼ਵਾਸਘਾਤ ਕਰਨ ਅਤੇ ਆਪਣੀ ਕਥਿਤ ‘ਸਿੱਖਿਆ ਕ੍ਰਾਂਤੀ’ ਨੂੰ ਸਿਰਫ਼ ਸਿਆਸੀ ਨਾਅਰਾ ਬਣਾਉਣ ਦੇ ਦੋਸ਼ ਲਗਾਏ ਹਨ। ਮੁਕੇਰੀਆਂ ਵਿਖੇ ਗੱਲਬਾਤ ਦੌਰਾਨ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਅਧਿਆਪਕ ਦਿਵਸ ਸਰਕਾਰੀ ਅਧਿਆਪਕਾਂ ਲਈ ਜਸ਼ਨ ਦੀ ਬਜਾਏ ਕਥਿਤ ਤੌਰ ’ਤੇ ਕਾਲਾ ਦਿਵਸ ਬਣ ਗਿਆ ਹੈ। ਸਰਕਾਰੀ ਸਕੂਲਾਂ ਵਿੱਚ 31370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ, ਜਦਕਿ 1100 ਤੋਂ ਵੱਧ ਪ੍ਰਿੰਸੀਪਲ ਅਤੇ ਲਗਭਗ ਇੱਕ-ਤਿਹਾਈ ਡੀਈਓ ਅਸਾਮੀਆਂ ਵੀ ਖਾਲੀ ਪਈਆਂ ਹਨ। ਉਨ੍ਹਾਂ 400 ਤੋਂ ਵੱਧ ਏਡਿਡ ਸਕੂਲਾਂ ਦੇ 1700 ਤੋਂ ਵੱਧ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀਆਂ ਨੂੰ ਕਈ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦਾ ਵੀ ਦੋਸ਼ ਲਗਾਇਆ। ਆਗੂਆਂ ਨੇ 1,013 ਲੈਕਚਰਾਰ ਅਸਾਮੀਆਂ ਵਿੱਚ ਐੱਸਸੀ ਅਤੇ ਬੀਸੀ ਰਾਖਵੇਂਕਰਨ, 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਅਤੇ ਅਧਿਆਪਕਾਂ ਤੋਂ ਗੈਰ-ਅਕਾਦਮਿਕ ਕੰਮ ਲੈਣ ਦੇ ਮੁੱਦੇ ਵੀ ਉਠਾਏ। ਜੰਗੀ ਲਾਲ ਮਹਾਜਨ ਨੇ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਅਧਿਆਪਕਾਂ ਦਾ ਸਨਮਾਨ ਤੇ ਸੁਰੱਖਿਆ ਬਹਾਲ ਕੀਤੀ ਜਾਵੇਗੀ। ਇਸ ਮੌਕੇ ਰੋਹਿਤ ਸਵਰਾਜ, ਪਰਦੀਪ ਕੁਮਾਰ, ਨੀਰਜ ਜੈਨ, ਸੰਜੀਵ ਕੁਮਾਰ, ਮੁਨੀਸ਼ ਸ਼ਰਮਾ, ਰਵੀ ਠਾਕੁਰ, ਪਵਨ ਜਵਾਹਰ, ਕਾਲਾ ਪਪੀਨਾ, ਕਰਨੈਲ ਸਿੰਘ ਅਤੇ ਕੈਪਟਨ ਰਘੁਵੀਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।