ਕਾਰੋਬਾਰੀ ਸੌਰਭ ਜੈਨ ’ਤੇ ਹਮਲੇ ਦੇ ਵਿਰੋਧ ’ਚ ਮੁੜ ਗੂੰਜੀ ਰੋਸ ਦੀ ਆਵਾਜ਼ ਕਾਰੋਬਾਰੀ ਸੌਰਭ ਜੈਨ ’ਤੇ ਹਮਲੇ ਦੇ ਵਿਰੋਧ ’ਚ ਮੁਕੇਰੀਆਂ ਵਿੱਚ ਮੁੜ ਗੂੰਜੀ ਰੋਸ ਦੀ ਆਵਾਜ਼
Publish Date: Sat, 05 Sep 2026 05:14 PM (IST)
Updated Date: Sat, 05 Sep 2026 05:16 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਬੀਤੇ ਦਿਨੀਂ ਕਾਰੋਬਾਰੀ ਸੌਰਭ ਜੈਨ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ ਮੁਕੇਰੀਆਂ ਵਿੱਚ ਜੈਨ ਭਾਈਚਾਰੇ, ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਅਤੇ ਵਪਾਰੀ ਵਰਗ ਵੱਲੋਂ ਪੁਲਿਸ ਦੀ ਕਥਿਤ ਢਿੱਲੀ ਕਾਰਵਾਈ ਖ਼ਿਲਾਫ਼ ਮੁੜ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਜੈਨ ਭਾਈਚਾਰੇ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਜੈਨ ਸਭਾ ਮੰਦਰ ਵਿਖੇ ਇਕੱਤਰ ਹੋ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ। ਰੋਸ ਮਾਰਚ ਜੈਨ ਸਭਾ ਮੰਦਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਪੁਲਿਸ ਸਟੇਸ਼ਨ ਤੱਕ ਪੁੱਜਿਆ। ਇਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਉਪਰੰਤ ਪੁਲਿਸ ਥਾਣੇ ਦੇ ਸਾਹਮਣੇ ਰੋਸ ਧਰਨਾ ਵੀ ਦਿੱਤਾ ਗਿਆ। ਇਸ ਮੌਕੇ ਭਾਜਪਾ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਇੰਦੂ ਬਾਲਾ, ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮਾਮਲੇ ਵਿੱਚ ਸ਼ਾਮਲ ਕੁੱਝ ਮੁਲਜ਼ਮ ਅਤੇ ਉਨ੍ਹਾਂ ਦੇ ਸਹਿਯੋਗੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਸਾਰੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਲਲਿਤ ਜੈਨ, ਰਾਜੇਸ਼ ਜੈਨ, ਵਿਜੈ ਜੈਨ, ਮਾਸਟਰ ਰਮੇਸ਼ ਚੰਦਰ, ਦਵਿੰਦਰ ਕੁੰਦਰਾ, ਮੰਗਲੇਸ਼ ਕੁਮਾਰ ਜੱਜ, ਅਜੀਤ ਨਾਰੰਗ, ਸੰਜੀਵ ਆਨੰਦ, ਸੁਰਿੰਦਰ ਕੁਮਾਰ, ਅਜੈ ਅਗਰਵਾਲ, ਐਡਵੋਕੇਟ ਸੱਭਿਆ ਸਾਂਚੀ, ਨੀਰਜ ਜੈਨ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਪੁਲਿਸ ਥਾਣਾ ਮੁਕੇਰੀਆਂ ਦੇ ਐੱਸਐੱਚਓ ਐੱਸਆਈ ਪ੍ਰਿੰਸਪਾਲ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮਾਮਲੇ ਵਿੱਚ ਸ਼ਾਮਲ ਇੱਕ ਮੁਲਜ਼ਮ ਦੀ ਗ੍ਰਿਫ਼ਤਾਰ ਹੋ ਚੁੱਕੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਲਗਾਤਾਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।