ਗੜ੍ਹਸ਼ੰਕਰ ’ਚ ਡੀਸੀ ਹੁਕਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ ਗੜ੍ਹਸ਼ੰਕਰ 'ਚ ਡੀ.ਸੀ. ਹੁਕਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ
Publish Date: Thu, 03 Sep 2026 05:10 PM (IST)
Updated Date: Thu, 03 Sep 2026 05:13 PM (IST)
- ਬਿਨਾਂ ਲਗਾਮ ਦੌੜ ਰਹੇ ਸ਼ਹਿਰ ਅੰਦਰ ਟਿੱਪਰ ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਅੰਦਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਦੱਸਣਯੋਗ ਹੈ ਕਿ ਡੀਸੀ ਵੱਲੋਂ ਸ਼ਹਿਰ ਅੰਦਰੋਂ ਨੰਗਲ ਸੜਕ ਤੋਂ ਲੰਘਣ ਵਾਲੇ ਹੈਵੀ ਵਾਹਨਾਂ ਅਤੇ ਟਿੱਪਰਾਂ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ ਕਿ ਉਹ ਦਿਨ ਵੇਲੇ ਸ਼ਹਿਰ ਵਿੱਚੋਂ ਨਹੀਂ ਲੰਘ ਸਕਦੇ ਪਰ ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹੀ ਹਰ ਰੋਜ਼ ਦਿਨ-ਰਾਤ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਅਨੇਕਾਂ ਟਿੱਪਰ ਸ਼ਹਿਰ ਅੰਦਰੋਂ ਬੇਰੋਕ ਲੰਘਦੇ ਦਿਖਾਈ ਦਿੰਦੇ ਹਨ। ਇਨ੍ਹਾਂ ਤੇਜ਼ ਰਫ਼ਤਾਰ ਓਵਰਲੋਡ ਟਿੱਪਰਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਟਿੱਪਰਾਂ ਨਾਲ ਹੁਣ ਤੱਕ ਅਨੇਕਾਂ ਜਾਨਲੇਵਾ ਹਾਦਸੇ ਵੀ ਵਾਪਰ ਚੁੱਕੇ ਹਨ। ਸਥਾਨਕ ਲੋਕਾਂ ਨੇ ਡੀਸੀ ਅਤੇ ਐੱਸਐੱਸਪੀ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਟਿੱਪਰ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਿਰਧਾਰਿਤ ਕੀਤੇ ਸਮੇਂ ਤੋਂ ਬਾਅਦ ਚੱਲਣ ਵਾਲੇ ਟਿੱਪਰਾਂ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇ। ਇਸ ਸਬੰਧੀ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਹੈ ਕਿ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਸ਼ਹਿਰ ਵਿੱਚ ਟਿੱਪਰਾਂ ਨੇ ਆਤੰਕ ਮਚਾਇਆ ਹੋਇਆ ਹੈ ਅਤੇ ਇਹਨਾਂ ਟਿੱਪਰਾਂ ਨਾਲ ਕਈ ਜਾਨਲੇਵਾ ਹਾਦਸੇ ਵੀ ਵਾਪਰ ਚੁੱਕੇ ਹਨ। ਮੌਜੂਦਾ ਸਰਕਾਰ ਦਾ ਪ੍ਰਸ਼ਾਸਨ ਇਨ੍ਹਾਂ ਟਿੱਪਰਾਂ ’ਤੇ ਸਖਤ ਕਾਰਵਾਈ ਕਰਨ ਦੀ ਬਜਾਏ ਡੰਗ ਟਪਾਈ ਵਾਲਾ ਕੰਮ ਕਰ ਰਿਹਾ ਹੈ।