- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਪੰਜ ਦਿਨਾਂ ਦੌਰਾਨ ਤਿੰਨ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ ਚਿੰਤਾਜਨਕ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਗੜਸ਼ੰਕਰ ਇਲਾਕੇ ਵਿੱਚ ਪਿਛਲੇ ਪੰਜ ਦਿਨਾਂ ਦੌਰਾਨ ਤਿੰਨ ਨੌਜਵਾਨਾਂ ਦੀਆਂ ਭੇਤਭਰੀ ਹਾਲਤ ਵਿੱਚ ਮਿਲੀਆਂ ਲਾਸ਼ਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਤਾਂ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਲਈ ਵੀ ਦਿਲ ਨਹੀਂ ਕਰਦਾ। ਜੇਕਰ ਬੱਚੇ ਸਕੂਲ, ਕਾਲਜ, ਯੂਨੀਵਰਸਿਟੀ ਪੜ੍ਹਨ ਲਈ ਘਰੋਂ ਜਾਂ ਪਿੰਡੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਸਾਰਾ ਦਿਨ ਆਪਣੇ ਬੱਚਿਆਂ ਵੱਲ ਰਹਿੰਦਾ ਹੈ। ਦੱਸਣਯੋਗ ਹੈ ਕਿ ਗੜਸ਼ੰਕਰ ਦੇ ਪਿੰਡ ਦੇਣੋਵਾਲ ਤੋਂ ਇਬਰਾਹੀਮਪੁਰ ਵਾਲੀ ਨਹਿਰ ਲਾਗਿਓਂ ਰੱਖੜੀ ਵਾਲੇ ਦਿਨ 28 ਅਗਸਤ ਨੂੰ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਪਿੰਡ ਬਾਥੜੀ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਵਜੋਂ ਹੋਈ ਸੀ। ਇਸ ਤੋਂ ਅਗਲੇ ਦਿਨ ਇਸੇ ਸਥਾਨ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਿੰਬਲੀ ਥਾਣਾ ਗੜਸ਼ੰਕਰ ਵਜੋਂ ਹੋਈ ਸੀ।
ਵੀਰਵਾਰ ਸਵੇਰ ਪਿੰਡ ਬਕਾਪੁਰ ਗੁਰੂ ਤੋਂ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਪ੍ਰਾਪਤ ਹੋਈ। ਜਾਣਕਾਰੀ ਦਿੰਦਿਆਂ ਡਿਊਟੀ ਅਫਸਰ ਏਐੱਸਆਈ ਰਵੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਸਵੇਰੇ ਉਨਾਂ ਨੂੰ ਫੋਨ ਕਰ ਕੇ ਦੱਸਿਆ ਕਿ ਰੇਲਵੇ ਲਾਈਨ ਲਾਗੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਉਨ੍ਹਾਂ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਮ੍ਰਿਤਕ ਨੌਜਵਾਨ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਉਸ ਦਾ ਨਾਮ ਕਮਲਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪੁੰਨੂਮਜਾਰਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਹੈ। ਮ੍ਰਿਤਕ ਪਾਸੋਂ ਨਸ਼ਾ ਛਡਾਊ ਕੇਂਦਰ ਦਾ ਕਾਰਡ ਵੀ ਮਿਲਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤਾ ਗਿਆ ਹੈ। ਮੌਤ ਦੇ ਕਾਰਨਾਂ ਬਾਰੇ ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।