- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਸ਼ਨ ਜੀ ਦੀ ਲੀਲਾ ਮਾਨਵ ਜਾਤੀ ਨੂੰ ਪ੍ਰੇਮ ਅਤੇ ਧਰਮ ਦੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ: ਅਤੁਲ ਸ਼ਾਸਤਰੀ

ਗੌਰਵ, ਪੰਜਾਬੀ ਜਾਗਰਣ
ਗੜ੍ਹਦੀਵਾਲਾ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਮੇਟੀ ਵੱਲੋਂ ਮਹਿਸ਼ਾਸੁਰ ਮਰਦਾਨੀ ਦੇਵੀ ਮਾਤਾ ਗੜ੍ਹਦੀਵਾਲਾ ਦੇ ਅਪਾਰ ਆਸ਼ੀਰਵਾਦ ਅਤੇ ਸਮੂਹ ਇਲਾਕਾ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਸਥਾਨਕ ਜੰਜ ਘਰ ਗੜ੍ਹਦੀਵਾਲਾ ਵਿਖੇ 31ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਜਨਮੋਤਸਵ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸ਼ੁਰੂ ਕਰਵਾਇਆ ਗਿਆ। ਸਮਾਗਮ ਦੇ ਦੂਜੇ ਦਿਨ ਦੀ ਕਥਾ ਦਾ ਸ਼ੁੱਭਆਰੰਭ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਪਵਿੱਤਰ ਜੋਤੀ ਪ੍ਰਚੰਡ ਕਰ ਕੇ ਕੀਤਾ ਗਿਆ। ਇਸ ਉਪਰੰਤ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸੰਜੀਵ ਸ਼ਰਮਾ, ਬਲਦੇਵ ਗੁਪਤਾ ਅਤੇ ਹੋਰ ਅਹੁਦੇਦਾਰਾਂ ਨੇ ਪ੍ਰਸਿੱਧ ਕਥਾਵਾਚਕ ਬਿਆਸ ਅਤੁਲ ਕ੍ਰਿਸ਼ਨ ਸ਼ਾਸਤਰੀ ਦਾ ਸਿਰੋਪਾਓ ਭੇਟ ਕਰ ਕੇ ਸਵਾਗਤ ਕੀਤਾ।
ਇਸ ਉਪਰੰਤ ਅਤੁਲ ਸ਼ਾਸਤਰੀ ਨੇ ਸ਼੍ਰੀ ਕ੍ਰਿਸ਼ਨ ਲੀਲਾ ’ਤੇ ਦੂਜੇ ਦਿਨ ਦੀ ਅੰਮ੍ਰਿਤਮਈ ਕਥਾ ਦਾ ਆਰੰਭ ਕੀਤਾ। ਕਥਾ ਦੇ ਵਰਣਨ ਦੌਰਾਨ ਸ਼ਾਸਤਰੀ ਜੀ ਨੇ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪ੍ਰਗਟ ਉਤਸਵ, ਗੋਕੁਲ ਵਿਖੇ ਉਨ੍ਹਾਂ ਦੀਆਂ ਮਨਮੋਹਕ ਬਾਲ ਲੀਲਾਵਾਂ, ਪੂਤਨਾ ਉੱਧਾਰ ਅਤੇ ਮੱਖਣ ਚੋਰੀ ਦੇ ਪ੍ਰਸੰਗਾਂ ਦਾ ਬਹੁਤ ਹੀ ਰਸਮਈ ਅਤੇ ਭਾਵਪੂਰਨ ਵਰਣਨ ਕੀਤਾ। ਸ਼ਾਸਤਰੀ ਜੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਕੇਵਲ ਕਹਾਣੀਆਂ ਨਹੀਂ ਹਨ, ਬਲਕਿ ਇਹ ਮਾਨਵ ਜਾਤੀ ਨੂੰ ਪ੍ਰੇਮ, ਨਿਸ਼ਕਾਮ ਭਗਤੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੀਆਂ ਹਨ। ਇਸ ਮੌਕੇ ਕਮੇਟੀ ਦੇ ਹੋਰ ਮੈਂਬਰ ਅਤੇ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।