ਗੜ੍ਹਸ਼ੰਕਰ ਇਲਾਕੇ ਦੇ ਪਿੰਡਾਂ ’ਚ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ ਗੜ੍ਹਸ਼ੰਕਰ ਇਲਾਕੇ ਦੇ ਪਿੰਡਾਂ ’ਚ ਨਹੀਂ ਰੁਕ ਰਹੀ ਨਜਾਇਜ਼ ਮਾਈਨਿੰਗ
Publish Date: Wed, 02 Sep 2026 06:09 PM (IST)
Updated Date: Wed, 02 Sep 2026 06:10 PM (IST)
- ਜੇਸੀਬੀ ਲਗਾ ਕੇ ਚੁੱਕੀ ਜਾ ਰਹੀ ਕਈ-ਕਈ ਫੁੱਟ ਮਿੱਟੀ ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸਥਾਨਕ ਇਲਾਕੇ ਦੇ ਕਈ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਪਿਛਲੇ ਲੰਮੇ ਸਮੇਂ ਤੋਂ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਮਾਈਨਿੰਗ ਮਾਫੀਆ ਵੱਲੋਂ ਜੇਸੀਬੀ ਮਸ਼ੀਨਾਂ ਲਗਾ ਕੇ ਕਈ-ਕਈ ਫੁੱਟ ਬਿਨਾਂ ਮਨਜ਼ੂਰੀ ਤੋਂ ਮਿੱਟੀ ਚੁੱਕੀ ਜਾ ਰਹੀ ਹੈ। ਇਹ ਸਾਰਾ ਕਾਰਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਮਾਫੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਜੇਕਰ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਪਿੰਡ ਸੌਲੀ ਲਹਿਰਾ ਖਾਨਪੁਰ ਸਮੇਤ ਹੋਰ ਕਈ ਪਿੰਡਾਂ ਵਿੱਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਸਥਾਨਕ ਪਿੰਡ ਸੋਲੀ ਵਿੱਚ ਵੀ ਕਈ ਦਿਨਾਂ ਤੋਂ ਮਾਈਨਿੰਗ ਦਾ ਧੰਦਾ ਜ਼ੋਰਾਂ ’ਤੇ ਚਲਦਾ ਆ ਰਿਹਾ ਹੈ। ਮਾਈਨਿੰਗ ਮਾਫੀਆ ਵੱਲੋਂ ਸਬੂਤ ਮਿਟਾਉਣ ਲਈ ਪਹਿਲਾਂ ਮਿੱਟੀ ਚੁੱਕ ਲਈ ਜਾਂਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਖੇਤਾਂ ਦਾ ਲੈਵਲ ਕਰ ਦਿੱਤਾ ਜਾਂਦਾ ਹੈ। ਇਸ ਨਾਜਾਇਜ਼ ਮਾਈਨਿੰਗ ਕਾਰਨ ਹਲਕੇ ਅੰਦਰ ਕਈ ਨਵੀਆਂ ਬਣੀਆਂ ਸੜਕਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਤੁਰੰਤ ਬਣਦੀ ਠੋਸ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਗੜਸ਼ੰਕਰ ਤੋਂ ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਹੈ ਮਾਈਨਿੰਗ ਦਾ ਧੰਦਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ। ਇਲਾਕੇ ਵਿੱਚ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋਈ ਹੈ, ਜਿਸ ਦੀ ਭਰਪਾਈ ਕਿਸੇ ਵੀ ਹਾਲਤ ਵਿੱਚ ਨਹੀਂ ਹੋਵੇਗੀ। ਸਥਾਨਕ ਪ੍ਰਸ਼ਾਸਨ ਠੋਸ ਕਾਰਵਾਈ ਕਰਨ ਦੀ ਬਜਾਏ ਡੰਗ ਟਪਾਈ ਵਾਲਾ ਕੰਮ ਕਰ ਰਿਹਾ ਹੈ | ਇਸ ਸਬੰਧੀ ਜਦੋਂ ਵਿਭਾਗ ਦੇ ਐੱਸਡੀਓ ਹਰਕੰਵਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪਹਿਲਾਂ ਦੀ ਤਰ੍ਹਾਂ ਕਿਹਾ ਕਿ ਮਾਮਲਾ ਧਿਆਨ ਵਿੱਚ ਨਹੀਂ ਹੈ, ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿਛਲੇ ਦਿਨੀਂ ਇਲਾਕੇ ਦੇ ਪਿੰਡ ਸੌਲੀ ਲਹਿਰਾ ਵਿੱਚ ਹੋਈ ਮਾਈਨਿੰਗ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ, ਆਸ ਹੈ ਕਿ ਜਲਦੀ ਕਾਰਵਾਈ ਹੋਵੇਗੀ।