ਸਮੱਸਿਆਵਾਂ ਦੇ ਹੱਲ ਲਈ ਬਿਜਲੀ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਸਮੱਸਿਆਵਾਂ ਦੇ ਹੱਲ ਲਈ ਬਿਜਲੀ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
Publish Date: Tue, 01 Sep 2026 04:56 PM (IST)
Updated Date: Tue, 01 Sep 2026 04:58 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪਿੰਡ ਧਨੋਆ ਦੀਆਂ ਬਿਜਲੀ ਸਬੰਧੀ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਪਿੰਡ ਵਾਸੀਆਂ ਦੇ ਇੱਕ ਵਫ਼ਦ ਨੇ ਇੰਜੀਨੀਅਰ ਸਤਨਾਮ ਸਿੰਘ ਧਨੋਆ ਦੀ ਅਗਵਾਈ ਹੇਠ ਪਾਵਰਕਾਮ ਦੇ ਮੁਕੇਰੀਆਂ ਦਫ਼ਤਰ ਵਿਖੇ ਐਕਸੀਅਨ ਗੁਰਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਅਧਿਕਾਰੀਆਂ ਨੂੰ ਪਿੰਡ ਵਿੱਚ ਬਿਜਲੀ ਸਪਲਾਈ ਨਾਲ ਸਬੰਧਤ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਇਨ੍ਹਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ। ਇਸ ਦੌਰਾਨ ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਚੋਈ ਵਿੱਚ ਲੱਗੇ ਟਰਾਂਸਫਾਰਮਰ ਨੂੰ ਬਦਲ ਕੇ ਉੱਚਾ ਕੀਤਾ ਜਾਵੇ, ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵਾਂ ਟਰਾਂਸਫਾਰਮਰ ਲਗਾਇਆ ਜਾਵੇ ਅਤੇ ਮੇਨ ਸਪਲਾਈ ਲਾਈਨ ’ਤੇ ਚਰਚ ਨੇੜੇ ਟੀ-ਆਫ਼ ਲਗਾਇਆ ਜਾਵੇ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕਰਨ ਲਈ ਉੱਚੇ ਬਿਜਲੀ ਦੇ ਖੰਭੇ ਲਗਾਉਣ, ਧਨੋਆ-ਮੁਕੇਰੀਆਂ ਸੜਕ ਦੇ ਨਾਲ ਗੁਰਦੁਆਰਾ ਕਲਗੀਧਰ ਤੋਂ ਚੱਕੀ ਤੱਕ ਕੇਬਲ ਤਾਰ ਪਾਉਣ ਅਤੇ ਸਕੂਲ ਵਾਲੇ ਰਸਤੇ ’ਤੇ ਬਿਜਲੀ ਮੀਟਰਾਂ ਵਾਲੇ ਬਕਸਿਆਂ ਨੂੰ ਉੱਚਾ ਕਰਨ ਦੀ ਮੰਗ ਵੀ ਰੱਖੀ ਗਈ। ਇਸ ਸਮੇਂ ਐਕਸੀਅਨ ਗੁਰਪ੍ਰਤਾਪ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਾਰੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋੜੀਂਦਾ ਸਾਮਾਨ ਸਟੋਰ ਵਿੱਚੋਂ ਪਹਿਲਾਂ ਹੀ ਕਢਵਾਇਆ ਜਾ ਚੁੱਕਾ ਹੈ ਅਤੇ ਕੁੱਝ ਦਿਨਾਂ ਵਿੱਚ ਮੌਕੇ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਮੇਂ ਉਪ ਮੰਡਲ ਇੰਜੀਨੀਅਰ ਇੰਜੀਨੀਅਰ ਹਰਮਿੰਦਰ ਸਿੰਘ ਵੀ ਹਾਜ਼ਰ ਰਹੇ, ਜਦਕਿ ਵਫ਼ਦ ਵਿੱਚ ਅਧਿਕਾਰਿਤ ਪੰਚ ਸਰਬਜੀਤ ਸਿੰਘ ਟਿੰਕੂ, ਕੈਪਟਨ ਸੁਖਵਿੰਦਰ ਸਿੰਘ ਸੋਢੀ ਅਤੇ ਸੁਖਵਿੰਦਰ ਸਿੰਘ ਸੋਨੂੰ ਵੀ ਸ਼ਾਮਲ ਸਨ।