ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆਏ ਵਿਅਕਤੀ ਦੀ ਜੇਬ ’ਚੋਂ 50 ਹਜ਼ਾਰ ਚੋਰੀ ਬੈਂਕ ਚ ਪੈਸੇ ਜਮ੍ਹਾਂ ਕਰਵਾਉਣ ਆਏ ਵਿਅਕਤੀ ਦੀ ਜੇਬ ਚੋਂ 50 ਹਜ਼ਾਰ ਚੋਰੀ
Publish Date: Mon, 31 Aug 2026 05:07 PM (IST)
Updated Date: Mon, 31 Aug 2026 05:10 PM (IST)
ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਪੰਜਾਬ ਨੈਸ਼ਨਲ ਬੈਂਕ ਦੀ ਅੱਡਾ ਸਰਾਂ ਸ਼ਾਖਾ ਵਿੱਚ ਉਸ ਵੇਲੇ ਅਫ਼ਰਾਤਫ਼ਰੀ ਦਾ ਮਹੌਲ ਪੈਦਾ ਹੋ ਗਿਆ ਜਦੋਂ ਬੈਂਕ ਵਿੱਚ ਇੱਕ ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚੇ ਵਿਅਕਤੀ ਦੀ ਜੇਬ ਵਿੱਚੋਂ ਨਾਟਕੀ ਢੰਗ ਨਾਲ ਇੱਕ ਨੌਜਵਾਨ ਵਿਅਕਤੀ 50 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਿਆ। ਇਹ ਸਾਰੀ ਵਾਰਦਾਤ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਚੋਰੀ ਦੀ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਪੁਲਿਸ ਨੇ ਮੌਕੇ ਤੇ ਪਹੁੰਚ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧੂਤ ਖੁਰਦ ਵਾਸੀ ਮਹਿੰਦਰ ਸਿੰਘ ਦਾ ਪੁੱਤਰ ਨਿਰਮਲ ਸਿੰਘ ਸੋਮਵਾਰ ਦੁਪਹਿਰ ਆਪਣੇ ਬੈਂਕ ਖਾਤੇ ਵਿੱਚ ਇੱਕ ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚਿਆ ਸੀ। ਮੌਕੇ ਤੇ ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਖਾਤੇ ਵਿੱਚ ਇੱਕ ਵੇਲੇ ਸਿਰਫ 50 ਹਜ਼ਾਰ ਰੁਪਏ ਹੀ ਨਗਦ ਜਮ੍ਹਾਂ ਹੋ ਸਕਦੇ ਹਨ। ਇਸ ਤੋਂ ਬਾਅਦ ਨਿਰਮਲ ਸਿੰਘ ਨੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਫਾਰਮ ਭਰ ਦਿੱਤਾ ਅਤੇ ਬਾਕੀ ਰਕਮ ਜਮ੍ਹਾਂ ਕਰਵਾਉਣ ਲਈ ਦੂਜਾ ਫਾਰਮ ਭਰਨ ਲੱਗ ਪਿਆ। ਇਸੇ ਦੌਰਾਨ ਬੈਂਕ ਵਿੱਚ ਪਹਿਲਾਂ ਤੋਂ ਮੌਜੂਦ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਮੌਕਾ ਪਾ ਕੇ ਨਿਰਮਲ ਸਿੰਘ ਦੀ ਜੇਬ ਵਿੱਚੋਂ 50 ਹਜ਼ਾਰ ਰੁਪਏ ਕੱਢ ਲਏ ਅਤੇ ਉੱਥੋਂ ਫਰਾਰ ਹੋ ਗਿਆ। ਕਰੀਬ ਪੰਜ ਮਿੰਟ ਬਾਅਦ ਨਿਰਮਲ ਸਿੰਘ ਨੂੰ ਜੇਬ ਵਿੱਚੋਂ ਪੈਸੇ ਗਾਇਬ ਹੋਣ ਦਾ ਪਤਾ ਲੱਗਾ। ਉਸ ਨੇ ਤੁਰੰਤ ਬੈਂਕ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ’ਤੇ ਵੇਖਿਆ ਕਿ ਇੱਕ ਨੌਜਵਾਨ ਰਕਮ ਕੱਢ ਕੇ ਫਰਾਰ ਹੁੰਦਾ ਦਿਖਾਈ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਬੈਂਕ ਮੈਨੇਜਰ ਨੇ ਪੁਲਿਸ ਚੌਕੀ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਪਛਾਣ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਫਿਲਹਾਲ ਸ਼ਾਖਾ ਵਿੱਚ ਕੋਈ ਬੈਂਕ ਗਾਰਡ ਉਪਲਬਧ ਨਹੀਂ ਹੈ। ਅਜਿਹੇ ਵਿੱਚ ਬੈਂਕ ਵਿੱਚ ਦਿਨ ਦਿਹਾੜੇ ਹੋਈ ਚੋਰੀ ਦੀ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।