ਨਗਰ ਕੌਂਸਲ ਟਾਂਡਾ ਦੇ ਕਰੋੜਾਂ ਰੁਪਏ ਦੇ ਵਿਕਾਸ ਪ੍ਰਸਤਾਵ ਪਾਸ ਨਗਰ ਕੌਂਸਲ ਟਾਂਡਾ ਦੇ ਕਰੋੜਾਂ ਰੁਪਏ ਦੇ ਵਿਕਾਸ ਪ੍ਰਸਤਾਵ ਪਾਸ
Publish Date: Mon, 31 Aug 2026 03:49 PM (IST)
Updated Date: Mon, 31 Aug 2026 03:52 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਨਗਰ ਕੌਂਸਲ ਉੜਮੁੜ ਟਾਂਡਾ ਦੀ ਇੱਕ ਵਿਸ਼ੇਸ਼ ਹਾਊਸ ਮੀਟਿੰਗ ਨਗਰ ਕੌਂਸਲ ਪ੍ਰਧਾਨ ਹਰਿ ਕਿਸ਼ਨ ਸੈਣੀ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਮੂਹ ਕੌਂਸਲਰ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਕਈ ਮਹੱਤਵਪੂਰਨ ਪ੍ਰਸਤਾਵ ਪਾਸ ਕੀਤੇ ਗਏ। ਵਾਰਡਾਂ ਦੀਆਂ ਗਲੀਆਂ, ਧਰਮਸ਼ਾਲਾਵਾਂ, ਐਲਈਡੀ ਸਟਰੀਟ ਲਾਈਟਾਂ ਸਮੇਤ ਹੋਰ ਵਿਕਾਸ ਕਾਰਜਾਂ ਦੇ ਨਾਲ ਵਾਰਡ ਨੰਬਰ-12 ਵਿੱਚ ਲੇਡੀਜ਼ ਜਿਮ ਬਣਾਉਣ ਤੇ ਵੀ ਚਰਚਾ ਹੋਈ। ਮੀਟਿੰਗ ਤੋਂ ਬਾਅਦ ਵਿਧਾਇਕ ਰਾਜਾ ਅਤੇ ਨਗਰ ਕੌਂਸਲ ਪ੍ਰਧਾਨ ਹਰਿ ਕਿਸ਼ਨ ਸੈਣੀ ਨੇ ਦੱਸਿਆ ਕਿ ਸ਼ਹਿਰ ਵਿੱਚ ਐਲਈਡੀ ਸਟਰੀਟ ਲਾਈਟਾਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਲਈ 2 ਕਰੋੜ 38 ਲੱਖ ਰੁਪਏ ਦੀ ਵਿਕਾਸ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਿਮਲਾ ਪਹਾੜੀ ਦੀ ਚਾਰਦੀਵਾਰੀ ਅਤੇ ਸੁੰਦਰਤਾ ਲਈ 50 ਲੱਖ ਰੁਪਏ ਦਾ ਪ੍ਰਸਤਾਵ ਪਾਸ ਕੀਤਾ ਗਿਆ। ਸਰਕਾਰ ਵੱਲੋਂ ਠੇਕੇ ਤੇ ਕੰਮ ਕਰ ਰਹੇ ਸਫਾਈ ਸੇਵਕਾਂ ਦੀ ਠੇਕਾ ਪ੍ਰਣਾਲੀ ਖਤਮ ਕਰਕੇ ਉਨ੍ਹਾਂ ਨੂੰ ਨਗਰ ਕੌਂਸਲ ਦੇ ਅਧੀਨ ਕੰਮ ਤੇ ਲਿਆ ਗਿਆ ਹੈ। ਟਾਂਡਾ ਵਿੱਚ ਅਜਿਹੇ 34 ਸਫਾਈ ਸੇਵਕ ਹਨ, ਜੋ ਹੁਣ ਨਗਰ ਕੌਂਸਲ ਦੇ ਅਧੀਨ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਸਫਾਈ ਅਭਿਆਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਮੀਤ ਪ੍ਰਧਾਨ ਨਰਿੰਦਰ ਕੌਰ, ‘ਆਪ’ ਕੌਂਸਲਰ ਪ੍ਰਵੀਨ ਖੰਨਾ, ਹਰਮੀਤ ਸਿੰਘ, ਜਸਵੰਤ ਕੌਰ ਮੁਲਤਾਨੀ, ਪਰਮਿੰਦਰ ਕੌਰ ਘੁੰਮਣ, ਮਨਜੀਤ ਕੌਰ ਸਮੇਤ ਕਾਂਗਰਸ ਕੌਂਸਲਰ ਹਿਨਾ ਵੈਦਿਆ ਅਤੇ ਪ੍ਰੀਤਪਾਲ ਤੋਂ ਇਲਾਵਾ ਕਾਰਜਕਾਰੀ ਕਾਰਜ਼ ਸਾਧਕ ਅਫਸਰ ਵਿਜੇ ਡੋਗਰਾ, ਕੁਲਦੀਪ ਘੁੰਮਣ ਅਤੇ ਆਕਾਸ਼ ਮਰਵਾਹਾ ਵੀ ਹਾਜ਼ਰ ਸਨ।