ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਝੂਠੇ ਟਵੀਟ ਦੀਆਂ ਕਾਪੀਆਂ ਸਾੜੀਆਂ ਮੁਲਾਜ਼ਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਝੂਠੇ ਟਵੀਟ ਦੀਆਂ ਕਾਪੀਆਂ ਸਾੜੀਆਂ
Publish Date: Sun, 30 Aug 2026 03:28 PM (IST)
Updated Date: Sun, 30 Aug 2026 03:31 PM (IST)
ਹੈਪੀ, ਪੰਜਾਬੀ ਜਾਗਰਣ ਬੁੱਲ੍ਹੋਵਾਲ : ਬਲਾਕ ਬੁੱਲ੍ਹੋਵਾਲ ਦੇ ਵੱਖ-ਵੱਖ ਸਕੂਲਾਂ ਤੇ ਵਿਭਾਗਾਂ ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਟਿੰਗ ਨਾ ਕਰਨ ਦੇ ਰੋਸ ਵਜੋਂ ਆਪਣੇ ਦਫ਼ਤਰਾਂ ਸਕੂਲਾਂ ਅੱਗੇ ਝੂਠੇ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਜੀਟੀਯੂ ਜ਼ਿਲ੍ਹਾ ਆਗੂ ਪਰਮਜੀਤ ਕੌਰ ਸੂਚ ਤੇ ਜੀਟੀਯੂ ਬਲਾਕ ਪ੍ਰਧਾਨ ਜਸਵਿੰਦਰ ਬੁੱਲ੍ਹੋਵਾਲ ਨੇ ਦੱਸਿਆ ਕਿ ਸਾਂਝੀ ਮੁਲਾਜ਼ਮ ਪੈਨਸ਼ਨਰ ਤਾਲਮੇਲ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਬਲਾਕ ਬੁੱਲ੍ਹੋਵਾਲ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਵਲੋਂ ਬਹੁ ਗਿਣਤੀ ’ਚ ਵੱਖ-ਵੱਖ ਸਕੂਲਾਂ ਤੇ ਦਫ਼ਤਰਾਂ ਗੇਟਾਂ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ੳਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 27 ਅਗਸਤ 2026 ਨੂੰ ਸਾਂਝੀ ਤਾਲਮੇਲ ਕਮੇਟੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਿੱਤੀ ਸੀ ਪਰ ਇਕ ਦਿਨ ਪਹਿਲਾਂ ਪੀਏਪੀ ਜਲੰਧਰ ਵਿਖੇ ਮੀਟਿੰਗ ਸ਼ਿਫਟ ਕੀਤੀ ਗਈ। ਜਦੋਂ ਸੂਬਾ ਪੱਧਰੀ ਆਗੂ ਮੀਟਿੰਗ ਕਰਨ ਲਈ ਜਲੰਧਰ ਪਹੁੰਚੇ ਤਾਂ ਮੁੱਖ ਮੰਤਰੀ ਹੜਤਾਲ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਦਾ ਟਵੀਟ ਕਰ ਕੇ ਬਿਨਾਂ ਮੀਟਿੰਗ ਕੀਤੇ ਚਲਾ ਗਿਆ। 7 ਅਗਸਤ ਦੀ ਸਾਂਝੀ ਤਾਲਮੇਲ ਕਮੇਟੀ ਦੀ ਚੰਡੀਗੜ੍ਹ ਮਹਾਂਰੈਲੀ ਤੋਂ 27 ਅਗਸਤ ਦੀ ਹੜਤਾਲ ਤੱਕ 20 ਦਿਨ ਦਾ ਸਮਾਂ ਸੀ, ਮੁੱਖ ਮੰਤਰੀ ਨੂੰ ਟਵੀਟ ਮੀਟਿੰਗ ਤੋਂ 1 ਘੰਟਾ ਪਹਿਲਾਂ ਹੀ ਯਾਦ ਕਿਉਂ ਆਇਆ। ਜਦੋਂ ਤੱਕ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਤਦ ਤੱਕ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ।