ਪੈਨਸ਼ਨਰਾਂ-ਮੁਲਾਜ਼ਮਾਂ ਨੇ ਕੀਤਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਮੁਕੇਰੀਆਂ ’ਚ ਪੈਨਸ਼ਨਰਾਂ-ਮੁਲਾਜਮਾਂ ਨੇ ਕੀਤਾ ਪੁਤਲਾ ਫੂਕ ਰੋਸ ਪ੍ਰਦਰਸ਼ਨ
Publish Date: Sat, 29 Aug 2026 05:47 PM (IST)
Updated Date: Sat, 29 Aug 2026 05:49 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਤਹਿਸੀਲ ਮੁਕੇਰੀਆਂ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਅਤੇ ਪਪਬਕ ਦੇ ਜਨਰਲ ਸਕੱਤਰ ਸਤੀਸ਼ ਕੁਮਾਰ ਆਦਿ ਦੀ ਅਗਵਾਈ ਵਿੱਚ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਣ ਦੇ ਨਾਲ-ਨਾਲ ਕਥਿਤ ਝੂਠੇ ਟਵੀਟ ਦੀਆਂ ਕਾਪੀਆਂ ਵੀ ਸਾੜੀਆਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ 27 ਅਗਸਤ ਨੂੰ ਸਾਂਝੀ ਤਾਲਮੇਲ ਕਮੇਟੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਪਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਇਸ ਨੂੰ ਪੀਏਪੀ ਜਲੰਧਰ ਵਿਖੇ ਤਬਦੀਲ ਕਰ ਦਿੱਤਾ ਗਿਆ। ਜਦੋਂ ਸੂਬਾ ਪੱਧਰੀ ਆਗੂ ਮੀਟਿੰਗ ਲਈ ਜਲੰਧਰ ਪਹੁੰਚੇ ਤਾਂ ਮੁੱਖ ਮੰਤਰੀ ਨੇ ਹੜਤਾਲ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਣ ਸਬੰਧੀ ਟਵੀਟ ਕਰ ਕੇ ਮੀਟਿੰਗ ਤੋਂ ਪਾਸਾ ਵੱਟ ਲਿਆ। ਸਰਕਾਰ ਦੀ ਨੀਅਤ ਸਾਫ਼ ਨਹੀਂ ਸੀ ਅਤੇ ਮੀਟਿੰਗ ਤੋਂ ਐਨ ਮੌਕੇ ’ਤੇ ਪਿੱਛੇ ਹਟਣਾ ਮੁਲਾਜ਼ਮਾਂ ਨਾਲ ਗੰਭੀਰ ਬੇਰੁਖ਼ੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੱਖਾਂ ਮੁਲਾਜ਼ਮ, ਪੈਨਸ਼ਨਰ ਅਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੀਆਂ-2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਜਵਾਬ ਲੋਕਤੰਤਰੀ ਢੰਗ ਨਾਲ ਦੇਣਗੇ। ਇਸ ਮੌਕੇ ਬਲਵਿੰਦਰ ਟਾਕ, ਬ੍ਰਿਜ਼ ਮੋਹਨ, ਪਰਸ ਰਾਮ, ਰਿਸ਼ਵ ਦੇਵ, ਪਰਮਜੀਤ ਸਿੰਘ, ਰਜਤ ਮਹਾਜਨ, ਖੁਸ਼ਵੰਤ ਸਿੰਘ ਮਹਿਤਾਬਪੁਰ, ਰਮਾ ਕਾਂਤ, ਦਿਲਾਵਰ ਸਿੰਘ, ਜਗਜੀਤ ਸਿੰਘ, ਅਨਿਲ ਭੰਗਾਲਾ, ਰਾਕੇਸ਼ ਡਡਵਾਲ, ਮਧੂ ਕੁਮਾਰੀ, ਇੰਦੂ ਰਾਣੀ, ਬੰਦਨਾ ਕੌਸ਼ਲ, ਆਰਤੀ ਕੁਮਾਰੀ, ਬਲਵਿੰਦਰ ਕੌਰ, ਦਿਸ਼ਾ, ਪ੍ਰਿਅੰਕਾ, ਸੋਨੀਆ ਭਾਰਦਵਾਜ, ਆਂਚਲ ਠਾਕੁਰ ਅਤੇ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਹਾਜ਼ਰ ਸਨ।