ਬਿਨਾਂ ਮਨਜ਼ੂਰੀ ਅੰਬ ਦਾ ਦਰੱਖਤ ਵੱਢਣ ਦੇ ਮਾਮਲੇ ’ਤੇ ਭਖਿਆ ਵਿਵਾਦ ਬਿਨਾਂ ਮਨਜ਼ੂਰੀ ਅੰਬ ਦਾ ਦਰੱਖਤ ਕੱਟਣ ਮਾਮਲੇ ’ਤੇ ਭਖਿਆ ਵਿਵਾਦ
Publish Date: Sat, 29 Aug 2026 05:44 PM (IST)
Updated Date: Sat, 29 Aug 2026 05:46 PM (IST)
- ਲੱਦੀ ਹੋਈ ਟਰਾਲੀ ਨੂੰ ਖਾਲੀ ਕਰਵਾ ਕੇ ਦਿੱਤਾ ਟਾਂਡਾ ਪੁਲਿਸ ਨੇ ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਰਾਜਪੁਰ ਵਿਖੇ ਖੇਤ ਅਤੇ ਘਰ ਵਿੱਚ ਲੱਗੇ ਪੁਰਾਣੇ ਅੰਬ ਦੇ ਦਰੱਖਤ ਨੂੰ ਕਥਿਤ ਤੌਰ ’ਤੇ ਬਿਨਾਂ ਵਿਭਾਗੀ ਮਨਜ਼ੂਰੀ ਕੱਟੇ ਜਾਣ ਦਾ ਮਾਮਲੇ ਵਿੱਚ ਭਖਿਆ ਵਿਵਾਦ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਪਿੰਡ ਰਾਜਪੁਰ ਵਾਸੀ ਪਰਮਜੀਤ ਸਿੰਘ ਨੇ ਵਣ ਵਿਭਾਗ ਅਤੇ ਥਾਣਾ ਟਾਂਡਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਪਰਮਜੀਤ ਸਿੰਘ ਵੱਲੋਂ ਪੁਲਿਸ ਤੇ ਵਣ ਵਿਭਾਗ ਨੂੰ ਕੀਤੀ ਸ਼ਿਕਾਇਤ ਅਨੁਸਾਰ ਖੇਤ ਅਤੇ ਘਰ ਵਿੱਚ ਲੱਗੇ ਕਰੀਬ 50 ਸਾਲ ਪੁਰਾਣੇ ਅੰਬ ਦੇ ਦਰੱਖਤ ਪਿੰਡ ਦੇ ਗੁਰਦੇਵ ਸਿੰਘ ਨੇ ਲੱਕੜ ਦਾ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਵਾਸੀ ਗਹੋਤਾ ਤੋਂ ਕਟਵਾਏ। ਪਰਮਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਉੱਥੇ ਮੌਜੂਦ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਟਾਂਡਾ ਲੈ ਆਂਦਾ ਤੇ ਬਾਅਦ ਵਿੱਚ ਏਐੱਸਆਈ ਰਾਮ ਸਿੰਘ ਨੇ ਪਿੰਡ ਦੇ ਕੁਝ ਮੋਹਤਬਰਾਂ ਨੂੰ ਬੁਲਾ ਕੇ ਉਸ ਨਾਲ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਬਾਅਦ ਵਿੱਚ ਅੰਬ ਦੀ ਲੱਕੜ ਦੀ ਲੱਦੀ ਟਰੈਕਟਰ-ਟਰਾਲੀ ਛੱਡ ਦਿੱਤੀ ਗਈ। ਜਦਕਿ ਸਿ਼ਕਾਇਤਕਰਤਾ ਦਾ ਇਲਜਾਮ ਹੈ ਕਿ ਪੁਲਿਸ ਵੱਲੋਂ ਕਰਵਾਇਆ ਗਿਆ ਗਿਆ ਰਾਜੀਨਾਮਾ ਗੈਰ ਸੰਵਿਧਾਨਕ ਹੈ ਕਿਉਂਕਿ ਕਿ ਅੰਬ ਦੇ ਪੁਰਾਣੇ ਦਰੱਖਤ ਵਣ ਵਿਭਾਗ ਤੋਂ ਇਜਾਜ਼ਤ ਦੇ ਬਗੈਰ ਵੱਢੇ ਨਹੀਂ ਜਾ ਸਕਦੇ ਅਤੇ ਅਜਿਹੇ ਵਿਚ ਰਾਜੀਨਾਮਾ ਕਿਸ ਨਾਲ ਕਰਵਾਇਆ ਗਿਆ। ਇਸ ਸਬੰਧੀ ਜਦੋਂ ਸਬੰਧਿਤ ਮਾਮਲੇ ਦੇ ਇੰਚਾਰਜ ਏਐੱਸਆਈ ਰਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਕੋਈ ਰਾਜ਼ੀਨਾਮਾ ਨਹੀਂ ਕਰਵਾਇਆ ਗਿਆ। ਟਰੈਕਟਰ-ਟਰਾਲੀ ਛੱਡਣ ਮਾਮਲੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਟਰੈਕਟਰ-ਟਰਾਲੀ ਖਾਲੀ ਸੀ। ਹਾਲਾਂਕਿ ਸੀਸੀਟੀਵੀ ਫੁਟੇਜ ਵਿੱਚ ਟਰੈਕਟਰ-ਟਰਾਲੀ ਵਿੱਚ ਅੰਬ ਦੀ ਲੱਕੜ ਲੱਦੀ ਸਾਫ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿੱਚ ਵੀ ਹਾਈਡਰਾ ਦੀ ਮਦਦ ਨਾਲ ਅੰਬ ਦੇ ਦਰੱਖਤ ਨੂੰ ਵੱਢ ਕੇ ਟਰਾਲੀ ਵਿੱਚ ਲੱਕੜ ਦੇ ਵੱਡੇ ਮੋਛੇ ਭਰੇ ਜਾਂਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਜਦੋਂ ਥਾਣਾ ਟਾਂਡਾ ਦੀ ਐੱਸਐੱਚਓ ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਏਐੱਸਆਈ ਰਾਮ ਸਿੰਘ ਨੂੰ ਸ਼ਿਕਾਇਤ ਵਣ ਵਿਭਾਗ ਦੇ ਅਧਿਕਾਰੀ ਨੂੰ ਰਿਪੋਰਟ ਕਰਨ ਲਈ ਕਿਹਾ ਸੀ। ਇਸ ਸਬੰਧੀ ਜਦੋਂ ਵਣ ਵਿਭਾਗ ਦੇ ਅਧਿਕਾਰੀ ਕਪਿਲ ਦੇਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀ ਕੋਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਬ, ਨੀਮ ਸਮੇਤ ਕਈ ਦਰੱਖਤਾਂ ਨੂੰ ਬਿਨਾਂ ਮਨਜ਼ੂਰੀ ਨਹੀਂ ਵੱਢਿਆ ਜਾ ਸਕਦਾ। ਕੀ ਹੈ ਮਾਮਲਾ : ਪਿੰਡ ਰਾਜਪੁਰ ਵਿਖੇ ਗੁਰਦੇਵ ਸਿੰਘ ਨਾਮਕ ਵਿਅਕਤੀ ਵੱਲੋਂ ਠੇਕੇ ’ਤੇ ਲਈ ਗਈ ਜ਼ਮੀਨ ਵਿੱਚ ਪੁਰਾਣੇ ਅੰਬ ਦੇ ਦਰੱਖ਼ਤ ਵੱਢਣ ਲਈ ਮਨਜਿੰਦਰ ਸਿੰਘ ਨਾਮਕ ਲੱਕੜ ਵੱਢਣ ਵਾਲੇ ਵਿਅਕਤੀ ਨਾਲ ਰਾਬਤਾ ਕਰ ਕੇ ਅੰਬ ਦੇ ਰੁੱਖ ਕਟਵਾਏ ਸਨ ਕਿਉਂਕਿ ਆਸ-ਪਾਸ ਰਹਿਣ ਵਾਲੇ ਲੋਕ ਉਸ ਨੂੰ ਕਹਿੰਦੇ ਸਨ ਕਿ ਦਰੱਖਤ ਕਰੀਬ 50 ਸਾਲ ਪੁਰਾਣਾ ਹੈ ਅਤੇ ਡਿੱਗਣ ਕਾਰਨ ਨੁਕਸਾਨ ਹੋ ਸਕਦਾ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਮਨਜਿੰਦਰ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਸ ਕੋਲ ਦਰੱਖਤ ਵੱਢਣ ਦੀ ਮਨਜ਼ੂਰੀ ਹੈ। ਇਸ ਤੋਂ ਬਾਅਦ ਉਸ ਨੇ ਦਰੱਖਤ ਕਟਵਾ ਦਿੱਤਾ। ਹਾਲਾਂਕਿ ਪੁਲਿਸ ਦੇ ਮੌਕੇ ’ਤੇ ਪਹੁੰਚਣ ਸਮੇਂ ਉਹ ਮਨਜ਼ੂਰੀ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਦਕਿ ਮਨਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਗੁਰਦੇਵ ਸਿੰਘ ਦੇ ਕਹਿਣ ’ਤੇ ਦਰੱਖਤ ਵੱਢਿਆ ਸੀ। ਉਸ ਨੇ ਇਹ ਵੀ ਮੰਨਿਆ ਕਿ ਉਸ ਨੂੰ ਪਤਾ ਸੀ ਕਿ ਅੰਬ ਦਾ ਦਰੱਖਤ ਵੱਢਣ ਲਈ ਵਣ ਵਿਭਾਗ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਉਸਨੇ ਮੰਨਿਆ ਕਿ ਸਾਡੇ ਤੋਂ ਗਲਤੀ ਹੋ ਗਈ ਹਾਲਾਂਕਿ ਉਸ ਦਾ ਦਾਅਵਾ ਸੀ ਕਿ ਬਾਅਦ ਵਿੱਚ ਪਿੰਡ ਵਾਸੀਆਂ ਅਤੇ ਪੁਲਿਸ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ।