
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੈਡਮਾਸਟਰ ਬਲਬੀਰ ਦੀ ਸੇਵਾ ਮੁਕਤੀ ’ਤੇ ਵਿਸ਼ੇਸ਼

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਬਲਬੀਰ ਸਿੰਘ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਟੂਟੋਮਜਾਰਾ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ। ਇਨਾ ਦਾ ਜਨਮ ਨਾਨਕੇ ਪਿੰਡ ਮਾਣਕੋ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂ ਗੁਰਦੇਵ ਸਿੰਘ ਅਤੇ ਮਾਤਾ ਦਾ ਨਾਂ ਰਤਨ ਕੌਰ ਹੈ। ਇਨ੍ਹਾਂ ਦੇ ਪਿਤਾ ਸੈਂਟਰ ਹੈੱਡਟੀਚਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਇਨ੍ਹਾਂ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਖੰਨੀ ਨੇੜੇ ਜੇਜੋਂ ਦੁਆਬਾ ਤੋਂ ਸ਼ੁਰੂ ਕੀਤੀ। ਆਪ ਦੇ ਪਿਤਾ ਉਸ ਸਮੇਂ ਇਸੇ ਸਕੂਲ ਦੇ ਵਿੱਚ ਅਧਿਆਪਕ ਸਨ। ਸਰਕਾਰੀ ਪ੍ਰਾਇਮਰੀ ਸਕੂਲ ਚੰਦੇਲੀ ਤੋਂ ਪੰਜਵੀਂ, ਸਰਕਾਰੀ ਹਾਈ ਸਕੂਲ ਰਾਮਪੁਰ ਝੰਜੋਵਾਲ ਤੋਂ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਤੋਂ ਹਾਇਰ ਸੈਕੰਡਰੀ, ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਬੀਏ, ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਤੋਂ ਬੀ.ਐੱਡ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਤੋਂ ਐੱਮ.ਐੱਡ ਦੀ ਪੜ੍ਹਾਈ ਕੀਤੀ। ਆਪ ਨੇ ਭਾਰਤ ਹਾਈ ਸਕੂਲ ਟੂਟੋਮਜਾਰਾ ਤੋਂ ਬਤੌਰ ਜੇਬੀਟੀ ਟੀਚਰ ਦੀ ਸੇਵਾ ਸ਼ੁਰੂ ਕੀਤੀ। ਸਿੱਖਿਆ ਵਿਭਾਗ ਵਿੱਚ ਆਪ ਦੀ ਰੈਗੂਲਰ ਨਿਯੁਕਤੀ ਬਤੌਰ ਸੋਸ਼ਲ ਸਾਇੰਸ ਮਾਸਟਰ ਦੇ ਤੌਰ ’ਤੇ ਹੋਈ। ਆਪ ਨੇ ਸਭ ਤੋਂ ਵੀ ਵੱਧ ਸਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਵਿਖੇ ਬਤੌਰ ਸੋਸ਼ਲ ਸਾਇੰਸ ਮਾਸਟਰ ਸੇਵਾ ਨਿਭਾਈ ਤੇ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਬਤੌਰ ਮਾਸਟਰ ਰਿਸੋਰਸ ਪਰਸਨ ਸੇਵਾ ਨਿਭਾਈ। ਰਾਜ ਵਿੱਦਿਅਕ ਖੋਜ ਪਰਿਸ਼ਦ (ਐੱਸਸੀਈਆਰਟੀ ਪੰਜਾਬ) ਦੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਗੁਣਾਤਮਕ ਸਿੱਖਿਆ ਸੁਧਾਰਾਂ ਦੇ ਲਈ ਬਤੌਰ ਬਲਾਕ ਰਿਸੋਰਸ ਪਰਸਨ, ਬਲਾਕ ਮੈਂਟਰ, ਬਲਾਕ ਰਿਸੋਰਸ ਕੋਆਰਡੀਨੇਟਰ ਦੇ ਤੌਰ ’ਤੇ ਵੀ ਕੰਮ ਕੀਤਾ। ਆਪ ਸੀਸੀਆਰਟੀ ਨਵੀਂ ਦਿੱਲੀ ਦੇ ਟਰੇਂਡ ਟੀਚਰ ਹਨ। ਆਪ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਵਿੱਚ ਸ਼ਿਵਾਲਿਕ ਕਲਚਰਲ ਕਲੱਬ ਦੀ ਸਥਾਪਨਾ ਕੀਤੀ ਜੋ ਕਿ ਸੀਸੀਆਰਟੀ ਨਵੀਂ ਦਿੱਲੀ ਤੋਂ ਪ੍ਰਵਾਨਿਤ ਹੈ। ਪੂਰੇ ਪੰਜਾਬ ਵਿੱਚ ਸੀਸੀਆਰਟੀ ਨਵੀਂ ਦਿੱਲੀ ਵੱਲੋਂ ਸਿਰਫ ਦੋ ਕਲੱਬ ਸਥਾਪਿਤ ਹੋਏ ਹਨ। ਆਪ ਦੀ ਸਿੱਖਿਆ ਵਿਭਾਗ ਵੱਲੋਂ ਬਤੌਰ ਹੈੱਡਮਾਸਟਰ ਦੀ ਪਦ ਉੱਨਤੀ ਕੀਤੀ ਗਈ। ਇਸ ਵਿੱਚ ਆਪ ਨੇ ਸਰਕਾਰੀ ਹਾਈ ਸਕੂਲ ਟੂਟੋਮਜਾਰਾ ਵਿਖੇ ਬਤੌਰ ਹੈੱਡਮਾਸਟਰ ਬੀਤੀ 29 ਮਾਰਚ ਨੂੰ ਜੁਆਇਨ ਕੀਤਾ। ਹੁਣ ਇਸ ਸਕੂਲ ਤੋਂ ਮਿਤੀ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ।