ਕੰਢੀ ਦੇ ਪਿੰਡ ਬਹਿਮਾਵਾ ’ਚ ਬਾਰਿਸ਼ ਕਾਰਨ ਕੱਚਾ ਘਰ ਡਿੱਗਿਆ ਕੰਢੀ ਦੇ ਪਿੰਡ ਬਹਿਮਾਵਾ 'ਚ ਬਾਰਿਸ਼ ਕਾਰਨ ਕੱਚਾ ਘਰ ਡਿਗਿਆ
Publish Date: Fri, 28 Aug 2026 05:43 PM (IST)
Updated Date: Fri, 28 Aug 2026 05:46 PM (IST)
- ਘਰ ਅੰਦਰ ਪਰਿਵਾਰਕ ਮੈਂਬਰਾਂ ਦਾ ਵਾਲ-ਵਾਲ ਹੋਇਆ ਬਚਾਅ ਦੇਸ਼ ਰਾਜ, ਪੰਜਾਬੀ ਜਾਗਰਣ ਦਾਤਾਰਪੁਰ : ਪਿੰਡ ਬਹਿਮਾਵਾ ’ਚ ਬੀਤੇ ਦਿਨੀਂ ਭਾਰੀ ਬਾਰਿਸ਼ ਉਪਰੰਤ ਕੰਧਾਂ ’ਚ ਪਾੜ ਪੈ ਜਾਣ ਕਾਰਨ ਪਈ ਤੇਜ਼ ਧੁੱਪ ਉਪਰੰਤ ਕੱਚਾ ਮਕਾਨ ਡਿੱਗ ਗਿਆ, ਜਿਸ ਕਾਰਨ ਘਰ ਅੰਦਰ ਪਿਆ ਸਾਰਾ ਸਾਮਾਨ ਮਲਬੇ ਹੇਠਾਂ ਦੱਬਣ ਕਾਰਨ ਤਬਾਹ ਹੋ ਗਿਆ। ਗਨੀਮਤ ਰਹੀ ਕਿ ਘਰ ਅੰਦਰ ਸੁੱਤੇ ਪਰਿਵਾਰਕ ਮੈਂਬਰਾਂ ਦੀ ਜਾਨ ਬਚ ਗਈ। ਬਹਿਮਾਵਾ ਵਸਨੀਕ ਸ਼ਾਦੀ ਲਾਲ ਪੁੱਤਰ ਸਵ. ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਘਰ ਵਾਲਾ ਮਕਾਨ ਕੱਚਾ ਹੈ ਅਤੇ ਉਹ ਕਈ ਵਾਰ ਸਰਕਾਰ ਨੂੰ ਪੰਚਾਇਤ ਰਾਹੀਂ ਕੱਚੇ ਤੋਂ ਪੱਕਾ ਮਕਾਨ ਬਣਾਉਣ ਲਈ ਦਿੱਤੀ ਜਾਂਦੀ ਗ੍ਰਾਂਟ ਲਈ ਦਰਖਾਸਤਾਂ ਦੇ ਚੁੱਕਾ ਹੈ ਪਰ ਉਸ ਦਾ ਕੋਈ ਹੱਲ ਨਹੀਂ ਹੋਇਆ ਅਤੇ ਨਾ ਹੀ ਪਿੰਡ ਦੇ ਸਰਪੰਚ ਨੇ ਉਸ ਦੀ ਮਦਦ ਕਰਨ ਲਈ ਕੋਈ ਗੰਭੀਰਤਾ ਦਿਖਾਈ। ਪਿਛਲੇ ਦੋ ਦਿਨ ਪਹਿਲਾਂ ਪਈ ਭਾਰੀ ਬਰਸਾਤ ਕਾਰਨ ਉਸ ਦੇ ਮਕਾਨ ਵਿੱਚ ਪਹਿਲਾਂ ਪਈਆਂ ਤਰੇੜਾਂ ਵੱਧ ਗਈਆਂ ਅਤੇ ਹਾਲ ਹੀ ਵਿੱਚ ਪੈ ਰਹੀ ਤੇਜ਼ ਧੁੱਪ ਉਪਰੰਤ ਦੁਪਹਿਰ ਕਰੀਬ 2 ਵਜੇ ਅਚਾਨਕ ਉਸ ਦਾ ਘਰ ਢਹਿ-ਢੇਰੀ ਹੋਣ ਉਪਰੰਤ ਮਲਬੇ ਵਿੱਚ ਤਬਦੀਲ ਹੋ ਗਿਆ। ਉਨ੍ਹਾਂ ਦੱਸਿਆ ਕਿ ਘਰ ਡਿੱਗਣ ਮੌਕੇ ਉਹ ਘਰ ਦੇ ਬਰਾਂਡੇ ਵਿੱਚ ਬੈਠਾ ਹੋਣ ਕਰ ਕੇ ਵਾਲ-ਵਾਲ ਬਚ ਗਿਆ ਪਰ ਘਰ ਅੰਦਰ ਪਿਆ ਸਾਰਾ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ। ਪੰਚ ਨੀਰਜ ਮਹਿਤਾ (ਵਾਰਡ ਨੰਬਰ 5) ਨੇ ਬਰਸਾਤੀ ਮੌਸਮ ਵਿਚ ਕੱਚਾ ਮਕਾਨ ਡਿੱਗਣ ਤੇ ਆਣ ਕੇ ਮੌਕਾ ਵੇਖਿਆ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਪਰ ਪੀੜਤ ਸ਼ਾਦੀ ਲਾਲ ਅਨੁਸਾਰ ਉਸ ਦੇ ਵਾਰਡ ਦੀ ਪੰਚ ਸੁਖਜੀਤ ਕੌਰ ਨੂੰ ਘਟਨਾ ਦੀ ਜਾਣਕਾਰੀ ਮਿਲਣ ’ਤੇ ਵੀ ਕੋਈ ਹਮਦਰਦੀ ਨਾ ਦਿਖਾਈ। ਪਿੰਡ ਦੇ ਸਰਪੰਚ ਹੰਸ ਰਾਜ ਨੂੰ ਫੋਨ ’ਤੇ ਇਸ ਘਟਨਾ ਸਬੰਧੀ ਸੂਚਿਤ ਕਰਨ ’ਤੇ ਸਰਪੰਚ ਨੇ ਬੜੀ ਬੇਰੁਖੀ ਨਾਲ ਪੀੜਤ ਸ਼ਾਦੀ ਲਾਲ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਫੋਨ ਕੱਟ ਦਿੱਤਾ। ਜਿਸ ਦੀ ਵਾਇਸ ਰਿਕਾਰਡਿੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪੀੜਤ ਸ਼ਾਦੀ ਲਾਲ ਵੱਲੋਂ ਆਪਣਾ ਮਕਾਨ ਡਿੱਗਣ ਦੀ ਜਾਣਕਾਰੀ ਬਲਾਕ ਤਲਵਾੜਾ ਦੇ ਬੀਡੀਪੀਓ ਵਿਕਰਮ ਸਿੰਘ ਨੂੰ ਦਿੱਤੀ, ਜਿਨ੍ਹਾਂ ਨੇ ਮਦਦ ਲਈ ਭਰੇ ਜਾਣ ਵਾਲੇ ਫਾਰਮ ਭਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਪੰਚ ਨੂੰ ਪਿੰਡ ਵਾਸੀਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗੀ ਸਕੀਮ ਅਧੀਨ ਪੀੜਤ ਪਰਿਵਾਰ ਦੀ ਹਰ ਮਦਦ ਕੀਤੀ ਜਾਵੇਗੀ।