ਮੁਲਾਜ਼ਮਾਂ ਨੇ ਸੀਐੱਮ ਦਾ ਪੁਤਲਾ ਫੂਕਿਆ ਮੁਲਾਜ਼ਮਾ ਵਲੋ ਮੁੱਖ ਮੰਤਰੀ ਦੀ ਅਰਥੀ ਫੂਕ ਕੇ, ਟਵੀਟ ਅਤੇ ਗਿੱਦੜ ਭਵਕੀ ਪੱਤਰ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਗਟਾਵਾ
Publish Date: Fri, 28 Aug 2026 04:37 PM (IST)
Updated Date: Fri, 28 Aug 2026 04:40 PM (IST)
-ਟਵੀਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਆਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਗਲਤ ਵਿਵਹਾਰ ਅਤੇ ਮੀਟਿੰਗ ਤੋਂ ਭੱਜਣ ਦੇ ਵਿਰੋਧ ਵਿੱਚ ਮੁੱਖ ਮੰਤਰੀ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਕੱਲ੍ਹ ਸਿਵਲ ਸਰਜਨ ਦਫ਼ਤਰ ਦੇ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋ ਮੁੱਖ ਮੰਤਰੀ ਦੇ ਹੰਕਾਰ ਭਰੇ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮਾਣਯੋਗ ਹਾਈ ਕੋਰਟ ਦੇ ਫੈਸਲੇ ਤਹਿਤ ਤੁਰੰਤ ਮਹਿਗਾਈ ਭੱਤੇ ਦਾ ਭੁਗਤਾਨ ਕਰੇ ਅਤੇ ਮੰਗ ਪੱਤਰ ਵਿੱਚ ਦਰਜ ਬਾਕੀ ਮੰਗਾਂ ਦਾ ਨਿਪਟਾਰਾ ਕਰੇ। ਇਸ ਮੌਕੇ ਆਗੂਆਂ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਧਰਨਿਆਂ ਵਿੱਚ ਵੱਡੇ ਪੱਧਰ ’ਤੇ ਕੀਤੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ ਅਤੇ ਸਰਕਾਰ ਵੱਲੋਂ ਛੁੱਟੀ ਸਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ਦੀ ਨਿਖੇਧੀ ਕਰਦਿਆਂ ਉਸ ਨੂੰ ਵੀ ਮੌਕੇ ’ਤੇ ਸਾੜਿਆ ਗਿਆ ਅਤੇ ਮੁੱਖ ਮੰਤਰੀ ਵੱਲੋਂ ਜੋ ਪਿਛਲੇ ਕੱਲ ਟਵੀਟ ਕਰ ਕੇ ਕਿਹਾ ਸੀ ਕਿ ਸੰਘਰਸ਼ ਤੇ ਮੀਟਿੰਗ ਦੋਵੇਂ ਇੱਕੋ ਸਮੇਂ ਨਹੀਂ ਹੋ ਸਕਦੇ, ਉਸ ਟਵੀਟ ਦੀਆਂ ਵੀ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸਾਂਝੀ ਤਾਲਮੇਲ ਕਮੇਟੀ ਦੇ ਸੂਬਾ ਆਗੂ ਸਤੀਸ਼ ਰਾਣਾ, ਜ਼ਿਲ੍ਹਾ ਆਗੂ ਅਨੁਰਿਧ ਮੋਦਗਿਲ, ਮਨਜੀਤ ਸਿੰਘ ਸੈਣੀ, ਵਰਿਆਮ ਸਿੰਘ, ਰਕੇਸ਼ ਕੁਮਾਰ, ਸਿਵਲ ਸਰਜਨ ਦਫ਼ਤਰ ਦੇ ਪ੍ਰਧਾਨ ਧਰਮਿੰਦਰ, ਜਨਰਲ ਸਕੱਤਰ ਸੰਜੀਵ ਕੁਮਾਰ, ਸਤਪਾਲ ਸੇਵਾ, ਪ੍ਰੈੱਸ ਸਕੱਤਰ ਗੁਰਵਿੰਦਰ ਸ਼ਾਨੇ, ਰਿਧੂ ਬਾਲਾ, ਵਿਸ਼ਾਲ ਪੂਰੀ, ਕੇਵਲ ਕ੍ਰਿਸ਼ਨ, ਰਾਮ ਲੁਭਾਇਆ, ਨੀਲਮ ਸੈਣੀ ਪ੍ਰਧਾਨ ਸਟਾਫ ਨਰਸ ਅਸੋਸੀਏਸ਼ਨ, ਨਰਸਿੰਗ ਸਿਸਟਰ ਕੁਲਰਾਜ ਕੌਰ, ਰਾਜਵਿੰਦਰ ਕੌਰ, ਲਖਬੀਰ ਕੁਮਾਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।