
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਬਣਾਉਣ ਮੁਕਾਬਲੇ ਵਿੱਚ ਕੋਮਲ ਨੇ ਹਾਸਲ ਕੀਤਾ ਪਹਿਲਾ ਸਥਾਨ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਉਭਾਰਨ ਦੇ ਉਦੇਸ਼ ਨਾਲ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਿਰਜਣਾਤਮਕ ਅਤੇ ਸੋਚਣ ਦੇ ਹੁਨਰ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਵੱਖ-ਵੱਖ ਕਰਾਫਟ ਸਮੱਗਰੀ ਅਤੇ ਕਢਾਈ ਦੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਹੱਥਾਂ ਨਾਲ ਸੁੰਦਰ ਅਤੇ ਵਿਲੱਖਣ ਰੱਖੜੀਆਂ ਤਿਆਰ ਕੀਤੀਆਂ। ਮੁਕਾਬਲੇ ਵਿੱਚ ਕੋਮਲ ਨੇ ਪਹਿਲਾ ਸਥਾਨ, ਸੰਜਨਾ ਨੇ ਦੂਜਾ ਸਥਾਨ, ਜਦਕਿ ਕਮਲਜੀਤ ਅਤੇ ਸਿਮਰਨਜੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਸਮੇਂ ਮਾਡਰਨ ਗਰੁੱਪ ਆਫ਼ ਕਾਲਜਿਸ ਦੇ ਮੈਨੇਜਿੰਗ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਨੇ ਸਾਰੇ ਭਾਗੀਦਾਰਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਸੁਖਜਿੰਦਰ ਸਿੰਘ, ਪ੍ਰੋ. ਸਪਰਸ਼ ਮਨਹਾਸ, ਪ੍ਰੋ. ਦੀਕਸ਼ਾ ਸ਼ਰਮਾ, ਸਹਾਇਕ ਪ੍ਰੋਫੈੱਸਰ ਸ਼ਰਨਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।