ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
Publish Date: Thu, 27 Aug 2026 04:40 PM (IST)
Updated Date: Thu, 27 Aug 2026 04:43 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਦੇ ਸੱਦੇ ’ਤੇ ਟਾਂਡਾ ਉੜਮੁੜ ਵਿਖੇ ਵੱਡੀ ਗਿਣਤੀ ’ਚ ਅਧਿਆਪਕਾਂ, ਪੀਐੱਸਪੀਸੀਐੱਲ ਕਰਮਚਾਰੀਆਂ, ਮਨਿਸਟ੍ਰੀਅਲ ਸਟਾਫ, ਸਿਹਤ ਵਿਭਾਗ, ਆਸ਼ਾ ਵਰਕਰਾਂ, ਡਾਕਟਰ ਐਸੋਸੀਏਸ਼ਨਾਂ, ਪੈਰਾ ਮੈਡੀਕਲ ਐਸੋਸੀਏਸ਼ਨ ਟਾਂਡਾ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਟਾਂਡਾ ਸ਼ਹਿਰ ਵਿੱਚ ਵੱਡੇ ਪੱਧਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦੇ ਇਸ ਰੋਸ ਪ੍ਰਦਰਸ਼ਨ ਵਿਚ ਟਾਂਡਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਹਿਯੋਗ ਕੀਤਾ। ਇਸ ਰੋਸ ਪ੍ਰਦਰਸ਼ਨ ਪ੍ਰਦਰਸ਼ਨ ਵਿੱਚ ਨੌਕਰੀਸ਼ੁਦਾ ਕਰਮਚਾਰੀਆਂ ਦੇ ਨਾਲ-ਨਾਲ ਪੈਨਸ਼ਨਰਾਂ ਨੇ ਵੀ ਹਿੱਸਾ ਲਿਆ। ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਟਾਂਡਾ ਸ਼ਹਿਰ ਦੀ ਸਥਾਨਿਕ ਸ਼ਿਮਲਾ ਪਹਾੜੀ ਵਿਖੇ ਵੱਡੀ ਗਿਣਤੀ ਮੁਲਾਜ਼ਮ ਅਤੇ ਪੈਨਸ਼ਨਰ ਇਕੱਤਰ ਹੋਏ ਤੇ ਸ਼ਿਮਲਾ ਪਹਾੜੀ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆਂ ਅਤੇ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਅਤੇ ਰੋਸ ਮਾਰਚ ਦੀ ਅਗਵਾਈ ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ ਲੈਕ. ਅਮਰ ਸਿੰਘ, ਗੁਰਦੀਪ ਸਿੰਘ ਖੁਣਖੁਣ, ਪੈਨਸ਼ਨਰ ਆਗੂ, ਹਰਦੀਪ ਖੁੱਡਾ, ਸੁਖਦੇਵ ਜਾਜਾ ਵੱਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਜਮਾਂ ਅਤੇ ਪੈਨਸ਼ਨਰਾਂ ਦਾ 18% ਮਹਿੰਗਾਈ ਭੱਤਾ ਰੋਕ ਕੇ ਅਤਿ ਦੀ ਮਹਿੰਗਾਈ ਦੌਰਾਨ ਲੱਖਾਂ ਕਰਮਾਚਾਰੀਆਂ ਦੇ ਹੱਕਾਂ ਦੀ ਆਰਥਿਕ ਲੁੱਟ ਕਰ ਰਹੀ ਹੈ। ਆਮ ਆਦਮੀ ਪਾਰਟੀ ਪੁਰਾਣੀ ਪੈਨਸ਼ਨ ਲਈ ਆਪਣੇ ਕੀਤੇ ਵਾਅਦੇ ਅਤੇ ਜਾਰੀ ਨੋਟੀਫਿਕੇਸ਼ਨ ਤੋਂ ਮੁੱਕਰ ਕੇ ਲੱਖਾਂ ਕਰਮਾਚਾਰੀਆਂ ਦਾ ਬੁਢਾਪਾ ਰੋਲਣ ਦੀ ਤਿਆਰੀ ਕਰ ਚੁੱਕੀ ਹੈ। ਪੰਜਾਬ ਸਰਕਾਰ ਐਸੋਸੀਏਟ ਅਧਿਆਪਕਾਂ/ਜੰਗਲਾਤ ਵਰਕਰਾਂ ਨੂੰ ਪੱਕਿਆਂ ਕਰੇ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ, ਮਿਡ ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ/ਆਂਗਨਵਾੜੀ ਵਰਕਰਾਂ ਦੇ ਨਿਗੂਣਾ ਭੱਤੇ ਵਿੱਚ ਵਾਧਾ ਕੀਤਾ ਜਾਵੇ। ਕੇਂਦਰ ਵੱਲੋਂ ਲੋਕ ਵਿਰੋਧੀ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ। ਅਧਿਆਪਕਾਂ ਦੀਆਂ ਇਲੈਕਸ਼ਨ, ਮਰਦਮ-ਸ਼ੁਮਾਰੀ, ਬੀਐੱਲਓ ਸਰਵੇ ਆਦਿ ਗੈਰ ਵਿੱਦਿਅਕ ਕੰਮਾਂ ਵਿੱਚ ਡਿਊਟੀਆਂ ਲਗਾਉਣ ਦੀ ਥਾਂ ਉਹਨਾ ਨੂੰ ਸਕੂਲਾਂ ਵਿੱਚ ਪੜਾਉਣ ਦਿੱਤਾ ਜਾਵੇ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਮੁਹੱਲਾ ਕਲੀਨਿਕਾਂ ਵਿੱਚ ਡਾਕਟਰ ਅਤੇ ਹੋਰ ਸਟਾਫ ਨੂੰ ਪੂਰੇ ਗਰੇਡ ਤੇ ਰੈਗੂਲਰ ਕਰਨ ਦੀ ਮੰਗ ਕੀਤੀ। ਸਰਕਾਰ ਪੰਜਾਬ ਦੇ ਲੱਖਾਂ ਬੇਰਜੁਗਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਲੱਖਾਂ ਖਾਲੀ ਪਈਆਂ ਪੋਸਟਾਂ ਵਿੱਚ ਰੈਗੂਲਰ ਭਰਤੀ ਕਰੇ। ਇਸ ਮੌਕੇ ਸਰਬਜੀਤ ਸਿੰਘ ਦਸ਼ਮੇਸ਼ ਨਗਰ, ਰਿਟਾਇਰ ਆਗੂ ਡਾ. ਰਾਜਵੰਤ ਕੌਰ, ਐੱਸਡੀਓ ਚਤਰ ਸਿੰਘ, ਮਨਿਸਟ੍ਰੀਅਲ ਯੂਨੀਅਨ ਰਵਿੰਦਰ ਸਿੰਘ ਰਵੀ, ਅਜੀਤ ਸਿੰਘ ਗੁਰਾਇਆ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਤਹਿਸੀਲ ਟਾਂਡਾ, ਰਵਿੰਦਰ ਰਵੀ ਮਨਿਸਟ੍ਰੀਅਲ ਸਟਾਫ ਯੂਨੀਅਨ, ਕਸ਼ਮੀਰ ਸਿੰਘ ਪੀਐੱਸਪੀਸੀਐੱਲ ਟਾਂਡਾ, ਸਫ਼ਾਈ ਯੂਨੀਅਨ ਟਾਂਡਾ, ਵਿਜੇ ਪਾਲ ਮੀਤ ਪ੍ਰਧਾਨ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ, ਦਿਲਵਰ ਸਿੰਘ ਟੈਕਨੀਕਲ ਸਰਵਿਸਿਜ਼ ਯੂਨੀਅਨ, ਪ੍ਰਿੰਸੀਪਲ ਅੰਜੂ ਸ਼ਰਮਾ ਸਮੂਹ ਸਟਾਫ ਸਲੇਮਪੁਰ, ਸੁਖਵੀਰ ਸਿੰਘ ਕਿਸਾਨ ਯੂਨੀਅਨ, ਹੈਲਥ ਇਨਸਪੈਕਟਰ ਜਤਿੰਦਰ ਸਿੰਘ, ਦਿਲਾਵਰ ਸਿੰਘ ਪੀਐੱਸਪੀਸੀਐੱਲ, ਰਣਜੀਤ ਸਿੰਘ ਰਿਟਾ ਡੀਐੱਸਪੀ ਅਤੇ ਹੋਰ ਹਾਜ਼ਰ ਸਨ।