ਵਿਧਾਇਕ ਨੇ ਮਾਈਨਿੰਗ ਵਿਭਾਗ ਵੱਲੋਂ ਸੀਲ ਕਰਨ ਦੇ ਬਾਵਜੂਦ ਰਾਤਾਂ ਨੂੰ ਚੱਲਦੇ ਕਰੱਸ਼ਰ ’ਤੇ ਮਾਰਿਆ ਛਾਪਾ ਵਿਧਾਇਕ ਨੇ ਮਾਈਨਿੰਗ ਵਿਭਾਗ ਵਲੋਂ ਸੀਲ ਕਰਨ ਦੇ ਬਾਵਜੂਦ ਰਾਤਾਂ ਨੂੰ ਚੱਲਦੇ ਕਰੱਸ਼ਰ ‘ਤੇ ਮਾਰਿਆ ਛਾਪਾ
Publish Date: Tue, 25 Aug 2026 06:57 PM (IST)
Updated Date: Tue, 25 Aug 2026 06:58 PM (IST)
- ਸੀਲ ਕੀਤਾ ਕਰੱਸ਼ਰ ਚੱਲਦਾ ਹੋਣ ਤੋਂ ਮਾਈਨਿੰਗ ਵਿਭਾਗ ਅਣਜਾਣ - ਕਰੋੜਾਂ ਦਾ ਜ਼ੁਰਮਾਨਾ ਨਾ ਭਰਨ ਕਰ ਕੇ ਸੀਲ ਕੀਤਾ ਗਿਆ ਸੀ ਹਾਜੀਪੁਰ ਦਾ ਮਹਾਂਦੇਵ ਸਟੋਨ ਕਰੱਸ਼ਰ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬੀਤੀ ਰਾਤ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜ਼ਨ ਵੱਲੋਂ ਹਾਜੀਪੁਰ ਅਧੀਨ ਪੈਂਦੇ ਮਾਈਨਿੰਗ ਵਿਭਾਗ ਵੱਲੋਂ ਸੀਲ ਕੀਤੇ ਗਏ ਕਰੱਸ਼ਰ ਉੱਤੇ ਛਾਪਾ ਮਾਰਿਆ ਗਿਆ। ਇਸ ਮੌਕੇ ਵਿਧਾਇਕ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਅਨੁਸਾਰ ਸੀਲ ਕੀਤੇ ਮਹਾਂਦੇਵ ਸਟੋਨ ਕਰੱਸ਼ਰ ਦੀ ਲਗਪਗ ਸਾਰੀ ਹੀ ਮਸ਼ੀਨਰੀ ਚਾਲੂ ਸੀ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜ਼ਨ ਨੇ ਦੱਸਿਆ ਕਿ ਹਾਜੀਪੁਰ ਅਧੀਨ ਪੈਂਦੇ ਮਹਾਂਦੇਵ ਸਟੋਨ ਕਰੱਸ਼ਰ ਵੱਲੋਂ ਸ਼ਾਹ ਨਹਿਰ ਦੀ ਜ਼ਮੀਨ ਉੱਤੇ ਲਗਾਤਾਰ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਇਸ ਮਾਮਲੇ ਵਿੱਚ ਉਸ ਨੂੰ ਮਾਈਨਿੰਗ ਵਿਭਾਗ ਵੱਲੋਂ ਕਰੀਬ 3/3.50 ਕਰੋੜ ਰੁਪਏ ਜ਼ੁਰਮਾਨਾ ਕੀਤਾ ਗਿਆ ਸੀ। ਜ਼ੁਰਮਾਨਾ ਨਾ ਭਰਨ ਕਾਰਨ ਇਹ ਕਰੱਸ਼ਰ ਕਰੀਬ 4 ਮਹੀਨੇ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ। ਇਹ ਕਰੱਸ਼ਰ ਕੁਝ ਸਮਾਂ ਬੰਦ ਵੀ ਰਿਹਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਬੰਦ ਪਿਆ ਕਰੱਸ਼ਰ ਮੁਕੇਰੀਆਂ ’ਚ ਸੱਤਾਧਾਰੀ ਪਾਰਟੀ ਦੇ ਨਵੇਂ ਆਏ ਹਲਕਾ ਇੰਚਾਰਜ ਦੀ ਕਥਿਤ ਸ਼ਹਿ ਉੱਤੇ ਇਹ ਸੀਲ ਕੀਤਾ ਕਰੱਸ਼ਰ ਲਗਾਤਾਰ ਰਾਤ ਨੂੰ ਚੱਲਣ ਲੱਗ ਪਿਆ ਹੈ ਅਤੇ ਇੱਥੋਂ ਵੱਡੀ ਮਾਤਰਾ ਵਿੱਚ ਭਰਾਈ ਹੁੰਦੀ ਹੈ। ਮੌਕੇ ’ਤੇ ਕਰੀਬ 10 ਗੱਡੀਆਂ ਭਰ ਕੇ ਜਾ ਰਹੀਆਂ ਸਨ ਅਤੇ 7-8 ਗੱਡੀਆਂ ਭਰਾਈ ਲਈ ਖੜ੍ਹੀਆਂ ਸਨ। ਉਨ੍ਹਾਂ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮਾਈਨਿੰਗ ਵਿਭਾਗ ਵੱਲੋਂ ਬਰਸਾਤੀ ਮੌਸਮ ਵਿੱਚ ਜਾਇਜ਼/ਨਾਜਾਇਜ਼ ਮਾਈਨਿੰਗ ਉੱਤੇ ਮੁਕੰਮਲ ਰੋਕ ਲਗਾਈ ਹੁੰਦੀ ਹੈ ਅਤੇ ਕਰੱਸ਼ਰਾਂ ’ਤੇ ਪਏ ਕੱਚੇ ਮਾਲ ਅਤੇ ਤਿਆਰ ਮਾਲ ਦੀ ਬਕਾਇਦਾ ਜਾਣਕਾਰੀ ਰੱਖੀ ਹੁੰਦੀ ਹੈ ਪਰ ਇਹ ਕਰੱਸ਼ਰ ਲਗਾਤਾਰ ਸ਼ਾਹ ਨਹਿਰ ਦੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਕਰ ਕੇ ਚਲਾਇਆ ਜਾ ਰਿਹਾ ਹੈ, ਪਰ ਮਾਈਨਿੰਗ ਵਿਭਾਗ ਸ਼ੱਕੀ ਚੁੱਪੀ ਧਾਰੀ ਬੈਠਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਰੱਸ਼ਰ ਰਾਤਾਂ ਨੂੰ ਨਾਜਾਇਜ਼ ਤਰੀਕੇ ਨਾਲ ਕੁਝ ਸਿਆਸੀ ਆਗੂਆਂ ਵੱਲੋਂ ਚਲਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਕਰੱਸ਼ਰ ਮਾਲਕ ਬਰਾਬਰ ਦਾ ਭਾਈਵਾਲ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਮਾਈਨਿੰਗ ਵਿਭਾਗ ਦੇ ਐੱਸਡੀਓ ਹਰਜਿੰਦਰਪਾਲ ਸਿੰਘ ਨੇ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਵਾਇਰਲ ਵੀਡੀਓ ਬਾਰੇ ਉਹ ਅਣਜਾਣ ਹਨ ਅਤੇ ਉਨ੍ਹਾਂ ਨੂੰ ਵਿਧਾਇਕ ਵੱਲੋਂ ਕੋਈ ਵੀ ਲਿਖਤੀ ਜਾਂ ਜੁਬਾਨੀ ਸ਼ਿਕਾਇਤ ਨਹੀਂ ਮਿਲੀ। ਉਹ ਵੀਡੀਓ ਵੇਖਣ ਤੋਂ ਬਾਅਦ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਮੰਨਿਆ ਕਿ ਕਰੱਸ਼ਰ ਦਾ ਲਾਇਸੈਂਸ ਮੁਅੱਤਲ ਕੀਤਾ ਹੋਇਆ ਹੈ ਅਤੇ ਮੁਅੱਤਲ ਕੀਤੇ ਲਾਇਸੈਂਸ ਵਾਲਾ ਕਰੱਸ਼ਰ ਚਲਾਉਣਾ ਗੈਰ ਕਾਨੂੰਨੀ ਹੈ, ਜਿਸ ਦੀ ਜਾਂਚ ਉਪਰੰਤ ਸਖਤੀ ਵਰਤੀ ਜਾਵੇਗੀ।