
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਟ੍ਰੀਟ ਲਾਈਟਾਂ ਲਈ ਲਗਾਏ ਪਿੱਲਰ ਬਣੇ ਹਾਦਸਿਆਂ ਦਾ ਕਾਰਨ

- ਸੜਕ ਦੇ ਬਿਲਕੁਲ ਨੇੜੇ ਲਗਾਉਣ ਕਾਰਨ ਵਾਹਨ ਚਾਲਕ ਪਰੇਸ਼ਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਸੜਕਾਂ ਦੇ ਕਿਨਾਰਿਆਂ ’ਤੇ ਬਣਾਏ ਜਾ ਰਹੇ ਪਿੱਲਰ ਹੁਣ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ। ਕਈ ਥਾਵਾਂ ’ਤੇ ਇਹ ਪਿੱਲਰ ਸੜਕ ਤੋਂ ਲੋੜੀਂਦੀ ਦੂਰੀ ਛੱਡਣ ਦੀ ਬਜਾਏ ਸੜਕ ਦੇ ਬਿਲਕੁਲ ਨੇੜੇ ਲਗਾਏ ਗਏ ਹਨ, ਜਿਸ ਕਾਰਨ ਵਾਹਨ ਚਾਲਕਾਂ ਲਈ ਇਨ੍ਹਾਂ ਤੋਂ ਬਚ ਕੇ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਬੀਤੇ ਦਿਨ ਇਕ ਰਾਹਗੀਰ ਦੀ ਨਵੀਂ ਕਾਰ ਇਨ੍ਹਾਂ ਪਿੱਲਰਾਂ ’ਚ ਫਸ ਕੇ ਨੁਕਸਾਨੀ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਪਿੱਲਰ ਜ਼ਮੀਨ ਤੋਂ ਜ਼ਿਆਦਾ ਉੱਚੇ ਨਾ ਹੋਣ ਕਾਰਨ ਖ਼ਾਸ ਕਰ ਕੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਆਸਾਨੀ ਨਾਲ ਦਿਖਾਈ ਨਹੀਂ ਦਿੰਦੇ। ਸੜਕ ਦੇ ਨਜ਼ਦੀਕ ਹੋਣ ਕਾਰਨ ਗੱਡੀਆਂ ਇਨ੍ਹਾਂ ਨਾਲ ਟਕਰਾਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਅਨੁਸਾਰ ਕਈ ਵਾਰ ਵਾਹਨਾਂ ਦੇ ਪਿੱਲਰਾਂ ਨਾਲ ਟਕਰਾਉਣ ਕਾਰਨ ਵਾਹਨਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਤਸਵੀਰ ਵਿੱਚ ਵੀ ਇੱਕ ਨਵੀਂ ਕਾਰ ਸਟਰੀਟ ਲਾਈਟ ਦੇ ਪਿੱਲਰ ਨਾਲ ਬਣੇ ਕੰਕਰੀਟ ਦੇ ਬੇਸ ਦੇ ਟਕਰਾਈ ਦਿਖਾਈ ਦੇ ਰਹੀ ਹੈ। ਸੜਕ ਦੇ ਰਸਤੇ ਵਿੱਚ ਇਸ ਤਰ੍ਹਾਂ ਬਣਿਆ ਪਿੱਲਰ ਵਾਹਨ ਚਾਲਕਾਂ ਲਈ ਮੁਸ਼ਕਿਲ ਪੈਦਾ ਕਰ ਸਕਦਾ ਹੈ, ਖ਼ਾਸ ਕਰ ਕੇ ਜਦੋਂ ਸੜਕ ’ਤੇ ਆਵਾਜਾਈ ਜ਼ਿਆਦਾ ਹੋਵੇ। ਲੋਕਾਂ ਦਾ ਕਹਿਣਾ ਹੈ ਕਿ ਸਟਰੀਟ ਲਾਈਟਾਂ ਲਗਾਉਣ ਦਾ ਮਕਸਦ ਸ਼ਹਿਰ ਦੀਆਂ ਸੜਕਾਂ ਨੂੰ ਰੋਸ਼ਨ ਕਰਨਾ ਅਤੇ ਲੋਕਾਂ ਦੀ ਸਹੂਲਤ ਵਧਾਉਣਾ ਹੈ, ਪਰ ਜੇਕਰ ਪਿੱਲਰ ਹੀ ਸੜਕਾਂ ਦੇ ਕਿਨਾਰੇ ਹਾਦਸਿਆਂ ਦਾ ਕਾਰਨ ਬਣਨ ਤਾਂ ਇਨ੍ਹਾਂ ਦੀ ਸਥਿਤੀ ਅਤੇ ਸੁਰੱਖਿਆ ਮਾਪਦੰਡਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ।
ਇਸ ਮੌਕੇ ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਥਾਵਾਂ ’ਤੇ ਸਟਰੀਟ ਲਾਈਟਾਂ ਲਈ ਪਿੱਲਰ ਸੜਕ ਦੇ ਬਹੁਤ ਨੇੜੇ ਬਣਾਏ ਗਏ ਹਨ, ਉਨ੍ਹਾਂ ਦੀ ਮੌਕੇ ’ਤੇ ਜਾਂਚ ਕਰਵਾਈ ਜਾਵੇ ਅਤੇ ਲੋੜ ਅਨੁਸਾਰ ਪਿੱਲਰਾਂ ਨੂੰ ਸੜਕ ਤੋਂ ਪਿੱਛੇ ਕੀਤਾ ਜਾਵੇ। ਇਸ ਤੋਂ ਇਲਾਵਾ ਪਿੱਲਰਾਂ ਨੂੰ ਰਾਤ ਸਮੇਂ ਸਪੱਸ਼ਟ ਦਿਖਾਈ ਦੇਣ ਲਈ ਉਨ੍ਹਾਂ ’ਤੇ ਰਿਫਲੈਕਟਰ ਜਾਂ ਹੋਰ ਚੇਤਾਵਨੀ ਨਿਸ਼ਾਨ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਸਿਮਰਨ ਸਿੰਘ ਢੀਂਡਸਾ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਡਰ ਤੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਇਸ ਤੋਂ ਬਾਅਦ ਜਦੋਂ ਨਗਰ ਕੌਂਸਲ ਦੇ ਕਲਰਕ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਦਾ ਫ਼ਿਲਹਾਲ ਕੋਈ ਹੱਲ ਨਹੀਂ ਕੱਢ ਸਕਦੇ ਕਿਉਂਕਿ ਅਫ਼ਸਰ ਰੈਗੂਲਰ ਨਗਰ ਕੌਂਸਲ ਦਫ਼ਤਰ ਨਹੀਂ ਆ ਰਹੇ ਜਦੋ ਕਦੀ ਅਫ਼ਸਰ ਦਫ਼ਤਰ ਆਏ ਤਾਂ ਉਹਨਾਂ ਨੂੰ ਦੱਸ ਦਿੱਤਾ ਜਾਵੇਗਾ।