
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੇਂਗੂ ਵਿਰੁੱਧ ਜੰਗ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 20 ਹੌਟਸਪੌਟਾਂ 'ਚ ਘਰ-ਘਰ ਜਾ ਕੇ ਹੋਵੇਗੀ ਜਾਂਚ: ਆਸ਼ਿਕਾ ਜੈਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ‘ਡੇਂਗੂ ’ਤੇ ਵਾਰ ਮੁਹਿੰਮ’ ਦੀ ਸਮੀਖਿਆ ਕਰਦਿਆਂ ਸਬੰਧਿਤ ਅਧਿਕਾਰੀਆਂ ਅਤੇ ਨਰਸਿੰਗ ਕਾਲਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡੇਂਗੂ ਦੇ 20 ਸ਼ਨਾਖ਼ਤੀ ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਦੀ ਮੁਹਿੰਮ ਪੂਰੀ ਗੰਭੀਰਤਾ ਅਤੇ ਲਗਾਤਾਰਤਾ ਨਾਲ ਚਲਾਇਆ ਜਾਵੇ। ਹੁਣ ਤੱਕ ਹੌਟਸਪੌਟ ਖੇਤਰਾਂ ਵਿੱਚ 9,358 ਘਰਾਂ ਦੀ ਜਾਂਚ ਕੀਤੀ ਗਈ ਹੈ ਅਤੇ 176 ਥਾਵਾਂ ’ਤੇ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ। ਮੁਹਿੰਮ ਵਿੱਚ ਕੁੱਲ 130 ਵਲੰਟੀਅਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਐੱਸਜੀਆਰਡੀ ਕਾਲਜ ਦੇ 88, ਮਦਰ ਮੈਰੀ ਕਾਲਜ ਦੇ 28 ਅਤੇ ਐੱਸਟੀ ਕਾਲਜ ਦੇ 14 ਵਿਦਿਆਰਥੀ ਸ਼ਾਮਲ ਹਨ। ਹੁਣ ਤੱਕ ਘਰਾਂ ਦਾ ਦੋ ਵਾਰ ਸਰਵੇ ਕੀਤਾ ਜਾ ਚੁੱਕਾ ਹੈ। ਹਫ਼ਤੇ ਦੇ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਟੀਮਾਂ ਘਰ-ਘਰ ਜਾ ਕੇ ਸਰਵੇ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਨੂੰ ਮੁਹਿੰਮ ਨਾਲ ਸਬੰਧਿਤ ਅੰਕੜਿਆਂ ਨੂੰ ਪੂਰੀ ਤਰ੍ਹਾਂ ਸਹੀ ਅਤੇ ਪਾਰਦਰਸ਼ੀ ਰੱਖਣ ਦੇ ਨਿਰਦੇਸ਼ ਦਿੱਤੇ। ਰਿਆਤ ਕਾਲਜ ਆਫ਼ ਨਰਸਿੰਗ ਅਤੇ ਸਰਕਾਰੀ ਏਐੱਨਐੱਮ ਕਾਲਜ ਆਫ਼ ਨਰਸਿੰਗ ਵੱਲੋਂ ਵਲੰਟੀਅਰਾਂ ਦੀ ਟ੍ਰੇਨਿੰਗ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਦੇਰੀ ਨਾ ਕੀਤੀ ਜਾਵੇ। ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਕੰਵਲ ਸਿੰਘ, ਸਿਵਲ ਸਰਜਨ ਡਾ. ਮਨਦੀਪ ਕਮਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।