
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਣ-ਅਧਿਕਾਰਤ ਕਲੋਨੀ 'ਚ ਨਗਰ ਕੌਂਸਲ ਨੇ ਨੋਟਿਸ ਬੋਰਡ ਲਗਾ ਕੇ ਦੂਜੇ ਦਿਨ ਹੀ ਹਟਾਇਆ

ਨੋਟਿਸ ਬੋਰਡ ਲਗਾ ਕੇ ਦੂਜੇ ਦਿਨ ਹੀ ਹਟਾਇਆ
ਗੜ੍ਹਸ਼ੰਕਰ-ਬੀਰਮਪੁਰ ਰੋਡ 'ਤੇ ਕੱਟੀ ਗਈ ਕਲੋਨੀ ਦੀ ਹੋ ਰਹੀ ਚਰਚਾ
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ
ਗੜ੍ਹਸ਼ੰਕਰ: ਗੜਸ਼ੰਕਰ ਤੋਂ ਬੀਰਮਪੁਰ ਰੋਡ 'ਤੇ ਕੱਟੀ ਗਈ ਇੱਕ ਅਣ-ਅਧਿਕਾਰਤ ਕਲੋਨੀ ਦੀ ਚਰਚਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ। ਇਸ ਸਬੰਧੀ ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਇਸ ਅਣ-ਅਧਿਕਾਰਤ ਕਲੋਨੀ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਇੱਕ ਨੋਟਿਸ ਬੋਰਡ ਲਗਾਇਆ ਗਿਆ ਸੀ। ਬੋਰਡ 'ਤੇ ਲਿਖਿਆ ਗਿਆ ਸੀ ਕਿ ਇਸ ਕਲੋਨੀ ਸਬੰਧੀ ਨਗਰ ਕੌਂਸਲ ਵੱਲੋਂ ਕੋਈ ਵੀ ਐੱਨਓਸੀ ਜਾਂ ਨਕਸ਼ਾ ਪਾਸ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੰਟਰਕਸ਼ਨ ਕਰਨ ਦਿੱਤੀ ਜਾਵੇਗੀ, ਪਲਾਟ ਵੇਚਣ ਜਾਂ ਖਰੀਦਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੂਜੇ ਦਿਨ ਹੀ ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਸਬੰਧਤ ਨੋਟਿਸ ਬੋਰਡ ਹਟਾ ਦਿੱਤਾ ਗਿਆ, ਜਿਸ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਮਦਨ ਲਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।
ਨਗਰ ਕੌਂਸਲ ਦੇ ਪ੍ਰਧਾਨ ਸੋਮਨਾਥ ਬੰਗੜ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਲੋਨੀ ਨਾਲ ਸਬੰਧਤ ਵਿਅਕਤੀਆਂ ਨੇ ਲਿਖਤੀ ਰੂਪ ਵਿੱਚ ਨਗਰ ਕੌਂਸਲ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਉਹ ਨਗਰ ਕੌਂਸਲ ਦੀਆਂ ਸ਼ਰਤਾਂ ਮੁਤਾਬਕ ਹੀ ਇਸ ਕਲੋਨੀ ਦਾ ਅਗਲਾ ਕੰਮ ਕਰਨਗੇ। ਇਸ ਭਰੋਸੇ ਤੋਂ ਬਾਅਦ ਨਗਰ ਕੌਂਸਲ ਵੱਲੋਂ ਇਹ ਬੋਰਡ ਉਤਾਰ ਦਿੱਤਾ ਗਿਆ ਹੈ। ਇਸ ਅਣਅਧਿਕਾਰਤ ਕਲੋਨੀ ਬਾਰੇ ਗੱਲਬਾਤ ਕਰਦਿਆਂ ਗੜ੍ਹਸ਼ੰਕਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਕਾਲੋਨੀ ਕੱਟਣੀ ਹੁੰਦੀ ਹੈ ਤਾਂ ਸਬੰਧਤ ਵਿਭਾਗ ਤੋਂ ਉਸ ਦੀਆਂ ਸ਼ਰਤਾਂ ਪਹਿਲਾ ਪੂਰੀਆਂ ਕੀਤੀਆਂ ਜਾਂਦੀਆਂ ਹਨ ਤੇ ਪਹਿਲਾਂ ਹੀ ਕਾਲੋਨੀ ਕੱਟਣ ਦੀ ਅਪਰੂਵਲ ਲੈਣੀ ਜ਼ਰੂਰੀ ਹੁੰਦੀ ਹੈ, ਉਸ ਤੋਂ ਬਾਅਦ ਹੀ ਪਲਾਟ ਖਰੀਦੇ ਜਾਂ ਵੇਚੇ ਜਾ ਸਕਦੇ ਹਨ ਪਰ ਇਹ ਸਰਕਾਰ ਦੀ ਅਣਗਹਿਲੀ ਕਾਰਨ ਕਾਲੋਨੀ ਕੱਟੀ ਗਈ ਹੈ। ਜਦੋਂ ਇਹ ਕਾਲੋਨੀ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਤਾਂ ਨਗਰ ਕੌਂਸਲ ਵੱਲੋਂ ਲੀਪਾ ਪੋਚੀ ਵਾਲੀ ਕਾਰਵਾਈ ਕੀਤੀ ਗਈ ਹੈ|