ਮੁਕੇਰੀਆਂ ‘ਚ ਚੇਅਰਮੈਨ ਦੀ ਨਿਯੁਕਤੀ ਮਗਰੋਂ ਬਗਾਵਤੀ ਸੁਰ ਤੇਜ਼ ਮੁਕੇਰੀਆਂ ‘ਚ ਮਾਰਕਿਟ ਕਮੇਟੀ ਚੇਅਰਮੈਨ ਦੀ ਨਿਯੁਕਤੀ ਮਗਰੋਂ ‘ਆਪ’ ‘ਚ ਬਗਾਵਤੀ ਸੁਰ ਤੇਜ਼
Publish Date: Mon, 24 Aug 2026 07:13 PM (IST)
Updated Date: Mon, 24 Aug 2026 07:15 PM (IST)
ਹਲਕਾ ਇੰਚਾਰਜ ਦੇ ਕਿਸੇ ਵੀ ਪ੍ਰੋਗਰਾਮ ’ਚ ਸ਼ਮੂਲੀਅਤ ਨਹੀਂ ਕਰਨਗੇ ਬਾਗੀ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ ਦੀ ਨਿਯੁਕਤੀ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਮੁਕੇਰੀਆਂ ਦੇ ਪੁਰਾਣੇ ਸੰਗਠਨ ਵਿੱਚ ਰੋਸ ਉਭਰ ਕੇ ਸਾਹਮਣੇ ਆਇਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਤੇ ਪੁਰਾਣੇ ਵਲੰਟੀਅਰਾਂ ਨੇ ਨਵ-ਨਿਯੁਕਤ ਹਲਕਾ ਇੰਚਾਰਜ ਪ੍ਰਤੀ ਪੁਰਾਣੇ ਤੇ ਸਮਰਪਿਤ ਵਰਕਰਾਂ ਦੀ ਅਣਦੇਖੀ ਕਰਨ ਦੇ ਨਾਲ-ਨਾਲ ਕਾਂਗਰਸ ਪਾਰਟੀ ਵਿੱਚੋਂ ਆਏ ਆਪਣੇ ਸਮਰਥਕਾਂ ਨੂੰ ਅਹਿਮ ਅਹੁਦੇ ਦੇਣ ’ਤੇ ਰੋਸ ਪ੍ਰਗਟਾਇਆ ਹੈ। ਰੈਸਟ ਹਾਊਸ ਮੁਕੇਰੀਆਂ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਸੀਨੀਅਰ ਆਗੂ ਤੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਦੀ ਅਗਵਾਈ ਵਿੱਚ ਇਕੱਤਰ ਹੋਏ ਆਗੂਆਂ ਨੇ ਕਿਹਾ ਕਿ ਸਰਬਜੋਤ ਸਿੰਘ ਸਾਬੀ ਨੂੰ ਹਲਕਾ ਇੰਚਾਰਜ ਬਣਾਏ ਜਾਣ ਦੇ ਸ਼ੁਰੂਆਤੀ ਦੌਰ ਵਿੱਚ ਮੁੱਢਲੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਕੇਰੀਆਂ ਫੇਰੀ ਤੋਂ ਬਾਅਦ ਹਲਕਾ ਇੰਚਾਰਜ ਦੇ ਰਵੱਈਏ ਵਿੱਚ ਕਥਿਤ ਤੌਰ ‘ਤੇ ਬਦਲਾਅ ਆ ਗਿਆ। ਆਗੂਆਂ ਨੇ ਦੱਸਿਆ ਕਿ ਹਲਕੇ ਵਿੱਚ ਕਈ ਅਹੁਦੇਦਾਰੀਆਂ ਵਿੱਚ ਤਬਦੀਲੀਆਂ ਕਰਦਿਆਂ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਆਗੂਆਂ ਤੇ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜ਼ਾ ਨਿਯੁਕਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਰਾਣੇ ‘ਆਪ’ ਵਰਕਰਾਂ ਨੂੰ ਮੌਕਾ ਦੇਣ ਦੀ ਬਜਾਏ ਕਾਂਗਰਸ ਪਾਰਟੀ ਵਿੱਚੋਂ ਦਲ-ਬਦਲੀ ਕਰਕੇ ਆਏ ਵਿਅਕਤੀ ਨੂੰ ਅਹੁਦਾ ਦੇਣਾ ਪਾਰਟੀ ਦੇ ਸਮਰਪਿਤ ਵਰਕਰਾਂ ਲਈ ਨਿਰਾਸ਼ਾਜਨਕ ਹੈ। ਪਹਿਲਾਂ ਹਲਕੇ ਦੀ ਕਮਾਨ ਵੀ ਸ਼੍ਰੋਮਣੀ ਅਕਾਲੀ ਦਲ ਚੋਂ ਨਿਕਲ ਕੇ ਕਾਂਗਰਸੀ ਬਣੇ ਪਿਛੋਕੜ ਵਾਲੇ ਵਿਅਕਤੀ ਨੂੰ ਸੌਂਪੀ ਗਈ ਤੇ ਹੁਣ ਅਹਿਮ ਅਹੁਦਿਆਂ ‘ਤੇ ਵੀ ਬਾਹਰੋਂ ਆਏ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪਾਰਟੀ ਸੰਗਠਨ ਵਿੱਚ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਜਾਰੀ ਰਹੀਆਂ ਤਾਂ ਇਸ ਨਾਲ ਆਮ ਆਦਮੀ ਪਾਰਟੀ ਨੂੰ ਮੁਕੇਰੀਆਂ ਵਿੱਚ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਮੀਟਿੰਗ ਦੌਰਾਨ ਇਕੱਤਰ ਆਗੂਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਉਹ ਮੌਜੂਦਾ ਹਲਕਾ ਇੰਚਾਰਜ ਵੱਲੋਂ ਕਰਵਾਏ ਜਾਣ ਵਾਲੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਨਹੀਂ ਕਰਨਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪਾਰਟੀ ਹਾਈਕਮਾਨ ਨੇ ਜਲਦ ਆਪਣੇ ਫ਼ੈਸਲਿਆਂ ‘ਤੇ ਮੁੜ ਵਿਚਾਰ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਕੇਰੀਆਂ ਹਲਕੇ ਅੰਦਰ ਪਾਰਟੀ ਨੂੰ ਇਸ ਦੀ ਭਾਰੀ ਕੀਮਤ ਚੁੱਕਾਉਣੀ ਪੈ ਸਕਦੀ ਹੈ। ਮੀਟਿੰਗ ਵਿੱਚ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਬਰਿਆਣਾ, ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਛੰਨੀ, ਸੋਨੂੰ, ਹੀਰਾ ਲਾਲ, ਬਲਾਕ ਸੰਮਤੀ ਮੈਂਬਰ ਤੇ ਸਰਪੰਚ ਕੇਸਰ ਸਿੰਘ ਮੰਝਪੁਰ, ਬਲਾਕ ਕੋਆਰਡੀਨੇਟਰ ਰਵਿੰਦਰ ਸਿੰਘ, ਸੁਰਿੰਦਰ ਸਿੰਘ ਪੱਪਾ, ਜੋਗਿੰਦਰ ਸਿੰਘ, ਡਾ. ਬਲਵਿੰਦਰ, ਰਮੇਸ਼ ਸਲਾਰੀਆ, ਸ਼ਿੰਦਾ ਮਸੀਹ, ਰਾਜੇਸ਼ ਕੁਮਾਰ ਅਤੇ ਸੌਦਾਗਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।