ਜੇਈ ’ਤੇ ਜੰਗਲਾਤ ਵਿਭਾਗ ਦੀ ਲੱਕੜ ਵੇਚਣ ਦਾ ਦੋਸ਼ ਬਿਜਲੀ ਵਿਭਾਗ ਦੇ ਜੇਈ ਉੱਤੇ ਲੱਗੇ ਜੰਗਲਾਤ ਦੀ ਲੱਕੜ ਵੇਚਣ ਦੇ ਦੋਸ਼
Publish Date: Mon, 24 Aug 2026 05:04 PM (IST)
Updated Date: Mon, 24 Aug 2026 05:06 PM (IST)
ਬਿਜਲੀ ਵਿਭਾਗ ਦੇ ਚੇਅਰਮੈਨ ਤੇ ਮੁੱਖ ਇੰਜੀਨੀਅਰ ਸਮੇਤ ਮੁੱਖ ਵਣਪਾਲ ਤੇ ਡੀਐੱਫਓ ਨੂੰ ਕੀਤੀ ਲਿਖਤੀ ਸ਼ਿਕਾਇਤ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹੇ ਦੇ ਕਸਬਾ ਦਾਤਾਰਪੁਰ ਦੇ ਬਿਜਲੀ ਦਫ਼ਤਰ ਵਿੱਚ ਤਾਇਨਾਤ ਇੱਕ ਜੇਈ ਉੱਤੇ ਸੜਕ ਕਿਨਾਰੇ ਲੱਗੇ ਹਨੇਰੀ ਕਾਰਨ ਡਿੱਗੇ ਦਰੱਖਤ ਦੀ ਲੱਕੜ ਵੇਚਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਪਿੰਡ ਮੈਰਾ ਜੱਟਾਂ ਦੇ ਇੱਕ ਵਸਨੀਕ ਵੱਲੋਂ ਲਿਖਤੀ ਸ਼ਿਕਾਇਤ ਮੁੱਖ ਇੰਜੀਨੀਅਰ ਜਲੰਧਰ, ਡੀਐੱਫਓ ਦਸੂਹਾ ਨੂੰ ਭੇਜੀ ਗਈ ਹੈ ਤੇ ਇਸਦੀ ਇੱਕ ਕਾਪੀ ਮੁੱਖ ਵਣਪਾਲ ਪੰਜਾਬ, ਚੰਡੀਗੜ੍ਹ ਤੇ ਪੀਐੱਸਪੀਸੀਐੱਲ ਦੇ ਚੇਅਰਮੈਨ ਨੂੰ ਵੀ ਭੇਜੀ ਗਈ ਹੈ। ਸ਼ਿਕਾਇਤਕਰਤਾ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਸ਼ਿਕਾਇਤ ਦੀ ਪੜਤਾਲ ਤੋਂ ਪਹਿਲਾਂ ਸਬੰਧਤ ਜੇਈ ਦਾ ਤਬਾਦਲਾ ਇਸ ਦਫਤਰ ਤੋਂ ਬਾਹਰ ਕਰਨ ਦੀ ਵੀ ਮੰਗ ਕੀਤੀ ਹੈ। ‘ਪੰਜਾਬੀ ਜਾਗਰਣ’ ਕੋਲ ਸ਼ਿਕਾਇਤਕਰਤਾ ਵੱਲੋਂ ਡੀਐੱਫਓ ਨੂੰ ਦਸਤੀ ਰਸੀਦ ਕਰਵਾਈ ਕਾਪੀ ਮੌਜੂਦ ਹੈ, ਜਿਸ ਉੱਤੇ ਬਕਾਇਦਾ ਪਿੰਡ ਦੀ ਸਰਪੰਚਣੀ ਨੇ ਸ਼ਿਕਾਇਤ ਦੀ ਤਸਦੀਕ ਵੀ ਕੀਤੀ ਹੋਈ ਹੈ। ਸ਼ਿਕਾਇਤਕਰਤਾ ਜਸਬਿੰਦਰ ਸਿੰਘ ਵਾਸੀ ਪਿੰਡ ਮੈਰਾ ਜੱਟਾ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਆਈ ਤੇਜ਼ ਹਨੇਰੀ ਕਾਰਨ ਸੜਕ ਕਿਨਾਰੇ ਲੱਗੇ ਜੰਗਲਾਤ ਵਿਭਾਗ ਦੇ ਦਰੱਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗੇ ਸਨ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਸੀ। ਬਿਜਲੀ ਸਪਲਾਈ ਬਹਾਲ ਕਰਨ ਵਿੱਚ ਜੇਈ ਕਿਸ਼ਨ ਕੁਮਾਰ, ਸਮੇਤ ਇੱਕ ਹੋਰ ਜੇਈ ਤੇ ਹੋਰ ਬਿਜਲੀ ਮੁਲਾਜ਼ਮ ਕੰਮ ਵਿੱਚ ਲੱਗੇ ਹੋਏ ਸਨ। ਇਸ ਦੌਰਾਨ ਡਿੱਗੇ ਦਰੱਖਤ ਦੀ ਕਟਾਈ ਜੇਈ ਕਿਸ਼ਨ ਕੁਮਾਰ ਵੱਲੋਂ ਕਰਵਾਈ ਗਈ ਸੀ। ਸਪਲਾਈ ਬਹਾਲ ਹੋਣ ਉਪਰੰਤ ਉਨ੍ਹਾਂ ਸਮੇਤ ਪਿੰਡ ਵਾਲਿਆਂ ਜੇਈ ਕਿਸ਼ਨ ਕੁਮਾਰ ਨੂੰ ਡਿੱਗੇ ਦਰੱਖਤ ਦੀ ਲੱਕੜ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੰਗਰਾਂ ਵਾਸਤੇ ਦੇਣ ਲਈ ਆਖਿਆ ਸੀ ਪਰ ਉਸ ਮੌਕੇ ਜੇਈ ਕਿਸ਼ਨ ਨੇ ਇਹ ਆਖ ਕੇ ਮਨ੍ਹਾਂ ਕਰ ਦਿੱਤਾ ਕਿ ਇਹ ਲੱਕੜ ਜੰਗਲਾਤ ਵਿਭਾਗ ਦੀ ਜਾਇਦਾਦ ਹੈ ਤੇ ਉਹ ਆਪਣੇ ਪੱਧਰ ‘ਤੇ ਲੰਗਰਾਂ ਲਈ ਨਹੀਂ ਦੇ ਸਕਦੇ ਪਰ ਬਾਅਦ ਵਿੱਚ ਜਦੋਂ ਇਹ ਲੱਕੜ ਇੱਕ ਵਾਹਨ ਵਿੱਚ ਲੱਦੀ ਜਾ ਰਹੀ ਸੀ ਤਾਂ ਪਤਾ ਲੱਗਿਆ ਕਿ ਇਹ ਲੱਕੜ ਕਿਸ਼ਨ ਕੁਮਾਰ ਜੇਈ ਵੱਲੋਂ ਵੇਚ ਦਿੱਤੀ ਗਈ ਹੈ। ਸ਼ਿਕਾਇਤਕਰਤਾ ਅਨੁਸਾਰ ਇਸ ਲੱਕੜ ਦਾ ਮੋਛਾ ਕਰੀਬ 5-6 ਫੁੱਟ ਮੋਟਾ ਹੈ ਤੇ ਹਜ਼ਾਰਾਂ ਰੁਪਏ ਦੀ ਜੰਗਲਾਤ ਦੀ ਲੱਕੜ ਭੰਗ ਦੇ ਭਾੜੇ ਵੇਚ ਦਿੱਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜੇਕਰ ਹਨੇਰੀ ਕਾਰਨ ਡਿੱਗੀ ਲੱਕੜ ਸਾਂਝੇ ਕੰਮਾਂ ਲਈ ਨਹੀਂ ਵਰਤੀ ਜਾ ਸਕਦੀ ਤਾਂ ਉਹ ਵੇਚੀ ਵੀ ਨਹੀਂ ਜਾ ਸਕਦੀ। ਇਸ ਤੋਂ ਇਲਾਵਾ ਸਰਕਾਰੀ ਲੱਕੜ ਵੇਚਣਾ ਜੁਰਮ ਹੈ ਤੇ ਜੰਗਲਾਤ ਵਿਭਾਗ ਵੱਲੋਂ ਇਸਦੀ ਸਖਤ ਸਜ਼ਾ ਮਿੱਥੀ ਗਈ ਹੈ। ਉਨ੍ਹਾਂ ਬਿਜਲੀ ਵਿਭਾਗ ਤੇ ਜੰਗਲਾਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ ਪਰ ਜੇਈ ਦੇ ਸਿਆਸੀ ਰਸੂਖ ਅੱਗੇ ਸਾਰੇ ਅਧਿਕਾਰੀ ਚੁੱਪੀ ਧਾਰੀ ਬੈਠੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਉਹ ਸ਼ਿਕਾਇਤਕਰਤਾ ਤੋਂ ਛੁੱਟ ਬਿਜਲੀ ਵਿਭਾਗ ਦਾ ਖਪਤਕਾਰ ਵੀ ਹੈ ਤੇ ਜੇਈ ਉਸਦੀ ਬਿਜਲੀ ਸਪਲਾਈ ਜਾਣਬੁੱਝ ਕੇ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਤੋਂ ਪਹਿਲਾਂ ਇੱਥੋਂ ਜੇਈ ਦਾ ਤਬਾਦਲਾ ਕਿੱਧਰੇ ਹੋਰ ਕੀਤਾ ਜਾਵੇ। ਇਸ ਸਬੰਧੀ ਜੇਈ ਕਿਸ਼ਨ ਕੁਮਾਰ ਨੂੰ ਵਾਰ-ਵਾਰ ਫੋਨ ਕੀਤਾ ਗਿਆ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਐਨ ਗੁਰਪ੍ਰਤਾਪ ਸਿੰਘ ਨਾਲ ਰਾਬਤਾ ਕਰਨਾ ਚਾਹਿਆ ਪਰ ਉਨ੍ਹਾਂ ਵੀ ਫੋਨ ਨਹੀਂ ਚੁੱਕਿਆ।