
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੜਕਾਂ ਦੇ ਕਿਨਾਰਿਆਂ ’ਤੇ ਉੱਗੀ ਘਾਹ-ਬੂਟੀ ਬਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਤੋਂ ਸਬਜ਼ੀ ਮੰਡੀ ਨੂੰ ਜਾਂਦੀ ਬਾਬਾ ਸ਼ਾਮੀ ਸ਼ਾਹ ਰੋਡ ਦੇ ਕਿਨਾਰਿਆਂ ’ਤੇ ਪਿਛਲੇ ਕਾਫ਼ੀ ਸਮੇਂ ਤੋਂ ਘਾਹ-ਬੂਟੀ ਅਤੇ ਹੋਰ ਜੰਗਲੀ ਬੂਟੇ ਉੱਗੇ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨਗਰ ਕੌਂਸਲ ਸ਼ਾਮ ਚੁਰਾਸੀ ਹਮੇਸ਼ਾ ਦੀ ਤਰ੍ਹਾਂ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਿਹਾ। ਲੋਕਾਂ ਨੇ ਦੱਸਿਆ ਕਿ ਸੜਕ ’ਤੇ ਉੱਗੀ ਇਹ ਬਨਸਪਤੀ ਸੜਕ ਦੇ ਕਿਨਾਰਿਆਂ ਨੂੰ ਘੇਰ ਰਹੀ ਹੈ, ਜਿਸ ਕਾਰਨ ਆਵਾਜਾਈ ਲਈ ਉਪਲਬਧ ਜਗ੍ਹਾ ਵੀ ਪ੍ਰਭਾਵਿਤ ਹੋ ਰਹੀ ਹੈ। ਬਰਸਾਤ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਘਾਹ-ਬੂਟੀ ਅਤੇ ਜੰਗਲੀ ਬੂਟਿਆਂ ਕਾਰਨ ਸੜਕ ਦੇ ਕਿਨਾਰੇ ਸਾਫ਼ ਨਜ਼ਰ ਨਹੀਂ ਆਉਂਦੇ ਅਤੇ ਸੜਕ ਦੇ ਕਿਨਾਰਿਆਂ ’ਤੇ ਸੱਪਾਂ ਅਤੇ ਹੋਰ ਜੀਵਾਂ ਦੇ ਲੁਕਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਾਮ ਚੁਰਾਸੀ ਤੋਂ ਸਬਜ਼ੀ ਮੰਡੀ ਨੂੰ ਜਾਂਦੀ ਇਸ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਕਰਵਾ ਕੇ ਘਾਹ-ਬੂਟੀ ਅਤੇ ਜੰਗਲੀ ਬੂਟਿਆਂ ਨੂੰ ਹਟਾਇਆ ਜਾਵੇ, ਤਾਂ ਜੋ ਰਾਹਗੀਰਾਂ ਨੂੰ ਆ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।