ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਨਗਰ ਕੌਂਸਲ ਹਰਿਆਣਾ ਦੀ ਕਮੇਟੀ ਦੀ ਨਹੀਂ ਹੋਈ ਚੋਣ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਨਗਰ ਕੌਸਲ ਹਰਿਆਣਾ ਦੀ ਕਮੇਟੀ ਦੀ ਨਹੀ ਹੋਈ ਚੋਣ
Publish Date: Sun, 23 Aug 2026 05:05 PM (IST)
Updated Date: Sun, 23 Aug 2026 05:06 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਹਲਕਾ ਸ਼ਾਮ ਚੌਰਾਸੀ ਅਧੀਨ ਆਉਂਦੇ ਕਸਬਾ ਹਰਿਆਣਾ ਦੀ ਨਗਰ ਕੌਂਸਲ ਦੀ ਕਮੇਟੀ ਚੋਣਾਂ ਹੋਣ ਤੋਂ ਤਿੰਨ ਮਹੀਨੇ ਬਾਅਦ ਵੀ ਨਾ ਬਣਨ ਕਰ ਕੇ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਇਸ ਦਾ ਨਾਂਹ ਪੱਖੀ ਪ੍ਰਭਾਵ ਪੈ ਰਿਹਾ ਹੈ। ਇਕੱਤਰ ਵੇਰਵਿਆਂ ਮੁਤਾਬਿਕ 26 ਮਈ ਨੂੰ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਲਈ ਪਈਆਂ ਵੋਟਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ 7 ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਆਪਣਾ ਰਸਤਾ ਪੱਧਰਾ ਕਰ ਲਿਆ ਸੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ 3 ਅਤੇ ਭਾਜਪਾ ਨੇ 1 ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਭਾਵੇਂ ਆਮ ਆਦਮੀ ਪਾਰਟੀ ਨੂੰ ਪ੍ਰਧਾਨਗੀ ਦਾ ਤਾਜ ਹਾਸਲ ਕਰਨ ਲਈ ਕਿਸੇ ਹੋਰ ਕੌਂਸਲਰ ਦੇ ਸਾਥ ਦੀ ਜ਼ਰੂਰਤ ਨਹੀਂ ਮਹਿਸੂਸ ਹੋ ਰਹੀ ਪਰ ਜੇਕਰ ਅੰਦਰੋਂ ਅੰਦਰੀ ਨਗਰ ਕੌਂਸਲ ਦੀ ਪ੍ਰਧਾਨਗੀ ਚਾਹਤ ਰੱਖਣ ਵਾਲੇ ਸੱਤਾਧਾਰੀ ‘ਆਪ’ ਦੇ ਕੌਂਸਲਰ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਕਿਸੇ ਤਰ੍ਹਾਂ ਦੀ ਹਿੱਲ ਜੁੱਲ ਕਰ ਦੇਣ ਤਾਂ ਵਿਰੋਧੀ ਧਿਰ ਦੇ 4 ਜਿੱਤੇ ਹੋਏ ਕੌਂਸਲਰਾਂ ਦੀ ਅਹਿਮੀਅਤ ਜ਼ਰੂਰ ਵੱਧ ਸਕਦੀ ਹੈ। ਵੇਰਵਿਆਂ ਮੁਤਾਬਿਕ ਨਗਰ ਕੌਂਸਲ ਹਰਿਆਣਾ ਦੇ ਪਿਛਲੀ ਵਾਰ ਦੇ ਕਾਰਜਕਾਲ ਦੌਰਾਨ ਪ੍ਰਧਾਨ ਰਹੇ ਸੰਜੇ ਕਪਿਲਾ ਕੋਲ ਆਪਣੇ ਦੋ ਪਰਿਵਾਰਕ ਕੌਂਸਲਰ ਮੈਂਬਰਾਂ ਦਾ ਸਿੱਧਾ ਸਮਰਥਨ ਮੌਜੂਦ ਹੈ, ਜਿਸ ਕਰ ਕੇ ਕਪਿਲਾ ਨੂੰ ਵੀ ਪ੍ਰਧਾਨਗੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਸ਼ਾਮ ਚੌਰਾਸੀ ਵਿੱਚ ਮੌਜੂਦਾ ਵਿਧਾਇਕ ਡਾ ਰਵਜੋਤ ਸਿੰਘ ਦੀ ਜਿੱਤ ਵਾਸਤੇ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨ ਆਗੂ ਤੇ ਹੁਣ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਦੇ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰਸਿਮਰਨ ਸਿੰਘ ਦੀ ਪਤਨੀ ਭਾਵਰਾ ਵੀ ਆਪ ਪਾਰਟੀ ਵੱਲੋਂ ਵਾਰਡ ਨੰਬਰ 3 ਵਿੱਚੋਂ ਜੇਤੂ ਕੌਂਸਲਰ ਹੋਣ ਕਰ ਕੇ ਕਸਬੇ ਦੀ ਪ੍ਰਧਾਨਗੀ ਲਈ ਉਨ੍ਹਾਂ ਦੀ ਦਾਅਵੇਦਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਦੋਂ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਜੇਤੂ ਕੌਂਸਲਰਾਂ ਨਾਲ ਨਗਰ ਕੌਂਸਲਰਾਂ ਨਾਲ ਪ੍ਰਧਾਨਗੀ ਹਾਸਲ ਕਰਨ ਸਬੰਧੀ ਗੱਲਬਾਤ ਕੀਤੀ ਤਾਂ ਸਾਰਿਆਂ ਵੱਲੋਂ ਕੋਈ ਸਪੱਸ਼ਟ ਜਵਾਬ ਨਾ ਦੇਣਾ ਸਾਬਿਤ ਕਰਦਾ ਹੈ ਕਿ ਅਜੇ ਸਾਰੇ ਕੌਂਸਲਰ ਪ੍ਰਧਾਨਗੀ ਦੀ ਚੋਣ ਹੋਣ ਤੱਕ ਦੇਖੋ ਤੇ ਇੰਤਜ਼ਾਰ ਕਰੋ ਦੀ ਨੀਤੀ ’ਤੇ ਕੰਮ ਕਰ ਰਹੇ ਹਨ ਅਤੇ ਹਰ ਜਿੱਤਿਆ ਕੌਂਸਲਰ ਕਿਸੇ ਵਧੀਆ ਮੌਕੇ ਦੀ ਤਾਲਾਸ਼ ਵਿੱਚ ਹੈ, ਭਾਵੇਂ ਉਸ ਦਾ ਸਬੰਧ ਕਿਸੇ ਵੀ ਪਾਰਟੀ ਨਾਲ ਹੈ। ਦੂਜੇ ਪਾਸੇ ਹਰਿਆਣਾ ਨਗਰ ਕੌਂਸਲ ਦੇ ਨਾਲ ਹੀ ਚੋਣਾਂ ਕਰਵਾਉਣ ਵਾਲੀਆਂ ਬਹੁਤ ਸਾਰੀਆਂ ਨਗਰ ਕੌਂਸਲਾਂ ਦੀਆਂ ਕਮੇਟੀਆਂ ਗਠਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਕਮੇਟੀਆਂ ਵੱਲੋਂ ਆਪੋ-ਆਪਣੇ ਇਲਾਕਿਆਂ ਵਿੱਚ ਵਿਕਾਸ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਕਸਬਾ ਹਰਿਆਣੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਵਿਕਾਸ ਕਾਰਜ ਪੱਛੜੇ ਹੋਏ ਹਨ ਅਤੇ ਪੰਜਾਬ ਵਿੱਚ ਇਸ ਵਾਰ ਵਿਧਾਨ ਸਭਾ ਚੋਣਾਂ ਨਵੰਬਰ ਦਸੰਬਰ ਵਿੱਚ ਕਰਵਾਏ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਹਿਸਾਬ ਨਾਲ ਸ਼ਹਿਰ ਦੇ ਵੱਖ-ਵੱਖ ਵਿਕਾਸ ਕੰਮਾਂ ਨੂੰ ਪੂਰਾ ਕਰਨਾ ਬੜਾ ਮੁਸ਼ਕਿਲ ਕਾਰਜ ਲੱਗ ਰਿਹਾ ਹੈ, ਕਿਉਂਕਿ ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲੱਗਣ ਨਾਲ ਬਹੁਤ ਸਾਰੇ ਕੰਮਾਂ ’ਤੇ ਰੋਕ ਲੱਗ ਜਾਂਦੀ ਹੈ। ਇਸ ਤਰ੍ਹਾਂ ਨਗਰ ਕੌਂਸਲ ਦੀਆਂ ਚੋਣਾਂ ਹੋਣ ਤੋਂ ਬਾਅਦ ਕਮੇਟੀ ਅਤੇ ਪ੍ਰਧਾਨਗੀ ਦੀ ਚੋਣ ਨਾ ਹੋਣ ਨਾਲ ਵਿਕਾਸ ਦੇ ਸਾਰੇ ਕੰਮ ਠੰਢੇ ਬਸਤੇ ਵਿੱਚ ਪਏ ਜਾਪ ਰਹੇ ਹਨ ਅਤੇ ‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਉੱਤੇ ਸੁਆਲੀਆ ਚਿੰਨ੍ਹ ਲੱਗਦਾ ਦਿਖਾਈ ਦੇਣ ਲੱਗਾ ਹੈ। ਹਰਿਆਣਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਲਈ ਹਲਕਾ ਸ਼ਾਮ ਚੌਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨਾਲ ਗੱਲਬਾਤ ਕਰਨ ਲਈ ਵਾਰ-ਵਾਰ ਕੋਸ਼ਿਸ਼ ਕਰਨ ’ਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।