ਮੀਂਹ ’ਚ ਚਿੱਕੜ ਤੇ ਸੁੱਕੇ ’ਚ ਧੂੜ ਨਾਲ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਗੜ੍ਹਸ਼ੰਕਰ ਦਾ ਨੰਗਲ ਚੌਕ ਮੀਂਹ 'ਚ ਚਿੱਕੜ ਅਤੇ ਸੁੱਕੇ 'ਚ ਧੂੜ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਗੜ੍ਹਸ਼ੰਕਰ ਦਾ ਨੰਗਲ ਚੌਂਕ
Publish Date: Sun, 23 Aug 2026 04:43 PM (IST)
Updated Date: Sun, 23 Aug 2026 04:45 PM (IST)
- ਖਾਸ ਕਰ ਕੇ ਦੁਕਾਨਦਾਰ ਤੇ ਰਾਹਗੀਰ ਹੋਏ ਪਰੇਸ਼ਾਨ ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਸ਼ਹਿਰ ਦੇ ਮੁੱਖ ਨੰਗਲ ਚੌਕ ਦੀ ਹਾਲਤ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਮੀਂਹ ਦੇ ਦਿਨਾਂ ਵਿੱਚ ਇਸ ਚੌਂਕ ਵਿੱਚ ਗਾਰਾ-ਚਿੱਕੜ ਭਰ ਜਾਂਦਾ ਹੈ ਅਤੇ ਸੁੱਕੇ ਮੌਸਮ ਵਿੱਚ ਧੂੜ-ਮਿੱਟੀ ਨਾਲ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਪਿਛਲੇ ਸਮੇਂ ਤੋਂ ਸੀਵਰੇਜ ਦੇ ਪਾਈਪ ਪਾਏ ਗਏ ਸਨ ਪਰ ਹੁਣ ਇਹ ਚੌਕ ਪ੍ਰੀਮਿਕਸ ਪਾਉਣ ਲਈ ਉਡੀਕ ਵਿੱਚ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੀਂਹ ਵਾਲੇ ਮੌਸਮ ਵਿੱਚ ਇਸ ਚੌਕ ਵਿੱਚੋਂ ਪੈਦਲ ਲੰਘਣਾ ਵੀ ਰਾਹਗੀਰਾਂ ਨੂੰ ਖਤਰੇ ਤੋਂ ਖਾਲੀ ਨਹੀਂ ਹੁੰਦਾ ਅਤੇ ਧੁੱਪ ਵਾਲੇ ਦਿਨਾਂ ਵਿੱਚ ਲੰਘ ਰਹੀਆਂ ਗੱਡੀਆਂ ਨਾਲ ਧੂੜ ਮਿੱਟੀ ਬਹੁਤ ਜ਼ਿਆਦਾ ਉੱਡਦੀ ਹੈ, ਜਿਸ ਨਾਲ ਹਰ ਆਮ ਨੂੰ ਅਤੇ ਖਾਸ ਕਰ ਦੁਕਾਨਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਚੌਕ ਅਤੇ ਸੜਕ ’ਤੇ ਪ੍ਰੀਮਿਕਸ ਜਲਦੀ ਪਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਪ੍ਰਸ਼ਾਸਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨੰਗਲ ਚੌਕ ਸ਼ਹਿਰ ਦਾ ਮੁੱਖ ਚੌਕ ਹੈ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਥੋਂ ਲੰਘਣਾ ਲੋਕਾਂ ਲਈ ਸਜ਼ਾ ਬਣ ਗਿਆ ਹੈ। ਮੀਂਹ ਵਿੱਚ ਗਾਰਾ ਅਤੇ ਸੁੱਕੇ ਵਿੱਚ ਧੂੜ ਨਾਲ ਦੁਕਾਨਦਾਰ ਵੱਡੀ ਮੁਸੀਬਤ ਵਿੱਚ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸੜਕ ’ਤੇ ਪ੍ਰੀਮਿਕਸ ਪਾਈ ਜਾਣੀ ਚਾਹੀਦੀ ਹੈ। ਇਸ ਸਬੰਧੀ ਪੀਡਬਲਯੂਡੀ ਵਿਭਾਗ ਦੇ ਐੱਸਡੀਓ ਰਾਜ ਕੁਮਾਰ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਆਸ ਹੈ ਕਿ ਟੈਂਡਰ ਜਲਦੀ ਲੱਗ ਜਾਵੇਗਾ ਤੇ ਬਰਸਾਤ ਦੇ ਦਿਨਾਂ ਤੋਂ ਬਾਅਦ ਇਸ ਸੜਕ ’ਤੇ ਪ੍ਰੀਮਿਕਸ ਪਾਇਆ ਜਾ ਸਕੇਗਾ।