‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ’ਚ ਭਰਵਾਂ ਸਵਾਗਤ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ
Publish Date: Sun, 23 Aug 2026 04:30 PM (IST)
Updated Date: Sun, 23 Aug 2026 04:33 PM (IST)
- ਵਿਧਾਇਕ ਜਿੰਪਾ ਖਿਡਾਰੀਆਂ ਸਮੇਤ ਮਸ਼ਾਲ ਲੈ ਕੇ ਇੰਡੋਰ ਸਟੇਡੀਅਮ ਪਹੁੰਚੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਐਤਵਾਰ ਨੂੰ ਹੁਸ਼ਿਆਰਪੁਰ ਸ਼ਹਿਰ ਪਹੁੰਚਣ ’ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਖਿਡਾਰੀਆਂ ਸਮੇਤ ਸਵਾਗਤ ਕੀਤਾ। ਇਸ ਉਪਰੰਤ ਪੈਦਲ ਮਾਰਚ ਕਰਦਿਆਂ ਢੋਲ ਦੀ ਥਾਪ ’ਤੇ ਮਸ਼ਾਲ ਨੂੰ ਇੰਡੋਰ ਸਟੇਡੀਅਮ ਵਿਖੇ ਲਿਜਾਇਆ ਗਿਆ। ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ‘ਯੂਥ ਕਨੈਕਟ’ ਦੇ ਨਾਲ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਚਾਰ ਪੀੜ੍ਹੀਆਂ ਦੀ ਖੇਡਾਂ ਵਿੱਚ ਭਾਗੀਦਾਰੀ ਇਸ ਆਯੋਜਨ ਦੀ ਵਿਸ਼ੇਸ਼ ਪਛਾਣ ਹੈ। ਉਨ੍ਹਾਂ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹੇ ਵਿੱਚ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 24 ਅਗਸਤ ਨੂੰ ਮੁਕੇਰੀਆਂ ਤੋਂ ਹੁੰਦੇ ਹੋਏ ਮਸ਼ਾਲ ਪਠਾਨਕੋਟ ਲਈ ਰਵਾਨਾ ਹੋਵੇਗੀ। ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਅਰ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਕੇਸ਼ ਕੁਮਾਰ ਮੀਣਾ, ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐੱਸਡੀਐੱਮ ਪਰਮਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ, ਜ਼ਿਲ੍ਹਾ ਖੇਡ ਅਧਿਕਾਰੀ ਸੁਰਜੀਤ ਸਿੰਘ, ਅੰਤਰਰਾਸ਼ਟਰੀ ਬਾਡੀ ਬਿਲਡਰ ਅਵਤਾਰ ਸਿੰਘ ਤੋਂ ਇਲਾਵਾ ਕੌਂਸਲਰ, ਖਿਡਾਰੀ, ਖੇਡ ਪ੍ਰੇਮੀ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।