ਬੰਦ ਦੀ ਕਾਲ ਦੌਰਾਨ ਟਾਂਡਾ ਰਿਹਾ ਮੁਕੰਮਲ ਬੰਦ ਬੰਦ ਦੀ ਕਾਲ ਦੀ ਦੌਰਾਨ ਟਾਂਡਾ ਰਿਹਾ ਮੁਕੰਮਲ ਬੰਦ
Publish Date: Fri, 21 Aug 2026 07:00 PM (IST)
Updated Date: Fri, 21 Aug 2026 07:03 PM (IST)
- ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਕੀਤਾ ਗਿਆ ਜਾਮ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਟਾਂਡਾ ਉੜਮੁੜ ਸ਼ਹਿਰ ਮੁਕੰਮਲ ਤੌਰ ਤੇ ਬੰਦ ਰਿਹਾ। ਇਸ ਬੰਦ ਦੇ ਦੌਰਾਨ ਜਿੱਥੇ ਸ਼ਹਿਰ ਦੇ ਸਮੂਹ ਬਜਾਰ, ਵਪਾਰਕ ਅਦਾਰੇ, ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਅਤੇ ਬੈਂਕਾਂ ਮੁਕੰਮਲ ਤੌਰ ਤੇ ਬੰਦ ਰਹੀਆਂ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਨੈਸ਼ਨਲ ਹਾਈਵੇ ਤੇ ਪੈਂਦੇ ਬਿਜਲੀ ਘਰ ਚੌਂਕ ਵਿਖੇ ਟ੍ਰੈਫਿਕ ਜਾਮ ਕਰਦੇ ਹੋਏ ਘੰਟਿਆਂ ਬੱਧੀ ਧਰਨਾ ਲਗਾ ਕੇ ਰੱਖਿਆ। ਇਸ ਸਾਂਝੇ ਧਰਨਾ ਪ੍ਰਦਰਸ਼ਨ ਦੌਰਾਨ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਦੋਆਬਾ ਕਿਸਾਨ ਕਮੇਟੀ ਪੰਜਾਬ , ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਆਜ਼ਾਦ , ਲੋਕ ਇਨਕਲਾਬ ਮੰਚ ਟਾਂਡਾ ਤੋਂ ਇਲਾਵਾ ਵੱਖ-ਵੱਖ ਸਿੱਖ ਸਮਾਜਿਕ ਤੇ ਹੋਰ ਖੇਤਰ ਦੀਆਂ ਜਥੇਬੰਦੀਆਂ ਦੇ ਆਗੂਆਂ ਤੇ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਗੁਰਨਾਮ ਸਿੰਘ ਮੂਨਕਾਂ, ਮਨਜੀਤ ਸਿੰਘ ਦਸੂਹਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ , ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਕਿਸਾਨ ਆਗੂ ਸਤਪਾਲ ਸਿੰਘ ਮਿਰਜਾਪੁਰ, ਜਥੇਦਾਰ ਸੰਦੀਪ ਸਿੰਘ, ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਜੀਤ ਸਿੰਘ ਮੂਨਕਾਂ, ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਗੁਰਪ੍ਰੀਤ ਸਿੰਘ ਸੰਧੂ ਤੇ ਹੋਰਨਾ ਬੁਲਾਰਿਆਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਕੇਂਦਰ ਸਰਕਾਰ ਵੱਲੋਂ ਰਿਹਾ ਕੀਤਾ ਜਾਵੇ ਨਹੀਂ ਤਾਂ ਚੱਲ ਰਿਹਾ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬੰਦ ਦੇ ਦੌਰਾਨ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਰਿਹਾ ਹੈ ਪ੍ਰੰਤੂ ਟਾਂਡਾ ਸ਼ਹਿਰ ਅੰਦਰ ਤਤਕਾਲ ਸੇਵਾਵਾਂ ਲਗਾਤਾਰ ਬਹਾਲ ਸਨ। ਇਸੇ ਦੌਰਾਨ ਹੀ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸਐਚਓ ਟਾਂਡਾ ਇੰਸਪੈਕਟਰ ਅਮਰਜੀਤ ਕੌਰ ਦੀ ਨਿਗਰਾਨੀ ਹੇਠ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ ਇਹ ਧਰਨਾ ਦੁਪਹਿਰ ਕਰੀਬ 2 ਵਜੇ ਤੱਕ ਜਾਰੀ ਰਿਹਾ।