ਹਲਕਾ ਮੁਕੇਰੀਆਂ ਅੰਦਰ ਪੰਜਾਬ ਬੰਦ ਨੂੰ ਮਿਲਿਆ ਵੱਡਾ ਹੁੰਗਾਰਾ ਹਲਕਾ ਮੁਕੇਰੀਆਂ ਅੰਦਰ ਪੰਜਾਬ ਬੰਦ ਨੂੰ ਮਿਲਿਆ ਵੱਡਾ ਹੁੰਗਾਰਾ
Publish Date: Fri, 21 Aug 2026 06:56 PM (IST)
Updated Date: Fri, 21 Aug 2026 06:57 PM (IST)
- ਕੌਮੀ ਰਾਜ ਮਾਰਗ ਉੱਤੇ ਸੱਤ ਘੰਟੇ ਰਿਹਾ ਚੱਕਾ ਜਾਮ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮੁਕੇਰੀਆਂ ਹਲਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ੁੱਕਰਵਾਰ ਨੂੰ ਮੁਕੇਰੀਆਂ ਸ਼ਹਿਰ ਸਮੇਤ ਭੰਗਾਲਾ, ਹਾਜੀਪੁਰ, ਐਮਾਂ ਮਾਂਗਟ ਅਤੇ ਹਰਸਾ ਮਾਨਸਰ ਆਦਿ ਇਲਾਕਿਆਂ ਵਿੱਚ ਵਪਾਰਕ ਗਤੀਵਿਧੀਆਂ ਤੋਂ ਇਲਾਵਾ ਨਿੱਜੀ ਵਿਦਿਅਕ ਅਦਾਰੇ ਵੀ ਬੰਦ ਰਹੇ। ਬੰਦ ਦੌਰਾਨ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਅੱਡਾ ਭੰਗਾਲਾ ਵਿਖੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਠੱਪ ਰੱਖੀ। ਚੱਕਾ ਜਾਮ ਕਾਰਨ ਕੌਮੀ ਰਾਜ ਮਾਰਗ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਰੋਸ ਧਰਨੇ ਵਿੱਚ ਦਲ ਪੰਥ ਮਿਸਲ ਸ਼੍ਰੋਮਣੀ ਭਗਤ ਧੰਨਾ ਤਰਨਾ ਦਲ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ ਦਸੂਹੇ ਵਾਲੇ, ਦੋਆਬਾ ਕਿਸਾਨ ਕਮੇਟੀ ਪੰਜਾਬ ਮੁਕੇਰੀਆਂ ਸਰਕਲ ਦੇ ਪ੍ਰਧਾਨ ਅਵਤਾਰ ਸਿੰਘ ਬੌਬੀ ਤੇ ਬਲਜੀਤ ਸਿੰਘ ਛੰਨੀ ਨੰਦ ਸਿੰਘ, ਪੱਗੜੀ ਸੰਭਾਲ ਲਹਿਰ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਬਾਗੜੀਆ ਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ, ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਰਣਦੀਪ ਸਿੰਘ ਧਨੋਆ, ਪੱਗੜੀ ਸੰਭਾਲ ਜੱਟਾ ਲਹਿਰ ਦੇ ਸੁਰਜੀਤ ਸਿੰਘ ਬਿੱਲਾ ਤੇ ਬਲਜਿੰਦਰ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਮੁਕੇਰੀਆਂ ਪਰਮਿੰਦਰ ਸਿੰਘ ਖਾਲਸਾ, ਮਾਝਾ ਕਿਸਾਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਖਾਨ, ਵਾਰਿਸ ਪੰਜਾਬ ਜਥੇਬੰਦੀ ਦੇ ਮਹਿੰਦਰ ਸਿੰਘ ਤੇ ਤਲਵਿੰਦਰ ਸਿੰਘ ਨਿੱਝਰ, ਅਕਾਲੀ ਦਲ ਪੁਨਰ ਸੁਰਜੀਤੀ ਦੇ ਨਿਰਮਲ ਸਿੰਘ ਚੀਫ਼ ਤੇ ਭਾਈ ਮੋਹਨ ਸਿੰਘ ਟਾਂਡਾ ਰਾਮ ਸਹਾਏ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਨਾਨਕ ਸਿੰਘ ਪੁਰਾਣਾ ਭੰਗਾਲਾ ਤੇ ਬੀਬੀ ਜਸਵੀਰ ਕੌਰ ਨਰਾਇਣਗੜ੍ਹ ਪ੍ਰਧਾਨ ਜੋਨ ਦਸੂਹਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਕਿਸਾਨਾਂ, ਮਜ਼ਦੂਰਾਂ ਤੇ ਚਿੰਤਕਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ‘ਬੰਦੀ ਸਿੰਘਾਂ’ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਆਗੂਆਂ ਨੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਏ ਸ਼ਾਂਤਮਈ ਰੋਸ ਮਾਰਚ ਦੌਰਾਨ ਪੁਲਿਸ ਕਾਰਵਾਈ ਅਤੇ ਲਾਠੀਚਾਰਜ ਦਾ ਵਿਰੋਧ ਕਰਦਿਆਂ ਸੰਘਰਸ਼ਸ਼ੀਲ ਆਗੂਆਂ ਖ਼ਿਲਾਫ਼ ਦਰਜ ਮਾਮਲੇ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਤੁਰੰਤ ਨਾ ਮੰਨਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਆਸਾ ਸਿੰਘ ਭੰਗਾਲਾ, ਦਲਜੀਤ ਸਿੰਘ ਮੰਝਪੁਰ, ਨੰਬਰਦਾਰ ਹਰਨਿੰਦਰ ਸਿੰਘ ਸੱਲੋਵਾਲ, ਸਰਪੰਚ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।