
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦੀ ਸਿੰਘਾਂ ਦੀ ਰਿਹਾਈ ਲਈ ‘ਪੰਜਾਬ ਬੰਦ’ ਦੌਰਾਨ ਹੁਸ਼ਿਆਰਪੁਰ ਪੂਰੀ ਤਰਾਂ ਰਿਹਾ ਬੰਦ

- ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਕੱਲ੍ਹ ਹੁਸ਼ਿਆਰਪੁਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹਾ ਭਰ ਵਿੱਚ ਸਮੂਹ ਕਸਬਿਆਂ ਅਤੇ ਪਿੰਡਾਂ ਵਿੱਚ ਬੰਦ ਦਾ ਪੂਰਾ ਅਸਰ ਦਿਖਾਈ ਦਿੱਤਾਂ। ਇੱਕ ਤਰ੍ਹਾਂ ਨਾਲ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਜਨਜੀਵਨ ਦੋ ਵਜੇ ਤੱਕ ਪੂਰੀ ਤਰ੍ਹਾਂ ਠੱਪ ਹੋ ਗਿਆ। ਆਵਾਜਾਈ ਦੇ ਸਾਧਨ ਵੀ ਪ੍ਰਭਾਵਿਤ ਰਹੇ। ਸਿੱਖ ਜਥੇਬੰਦੀਆਂ ਵੱਲੋਂ ਆਪਣੇ ਸਹਿਯੋਗੀਆਂ ਅਤੇ ਸਮਰਥਨ ਦੇਣ ਵਾਲੇ ਸੰਗਠਨਾਂ ਨੂੰ ਲੈ ਕੇ ਇਸ ਬੰਦ ਨੂੰ ਪੂਰੀ ਤਰ੍ਹਾਂ ਸਫਲ ਬਣਾ ਦਿੱਤਾ। ਜਥੇਬੰਦੀਆਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਸਵੇਰ ਤੋਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਮਨੋਂ-ਮਨੀ ਬੰਦ ਰੱਖੇ ਗਏ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਇਹ ਬੰਦ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰੱਖਣ ਦਾ ਐਲਾਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਸੰਗਤਾਂ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਦਾ ਸਮਾਂ ਬਦਲ ਕੇ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ।
ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਇਆ ਰੋਸ ਮਾਰਚ
ਇਸ ਦੌਰਾਨ ਵੱਖ-ਵੱਖ ਸਿੱਖ ਅਤੇ ਭਾਈਚਾਰਕ ਜਥੇਬੰਦੀਆਂ ਦੇ ਨੁਮਾਇੰਦੇ ਹੁਸ਼ਿਆਰਪੁਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਇਕੱਤਰ ਹੋਏ। ਗੁਰਦੁਆਰਾ ਸਾਹਿਬ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਮੁੱਖ ਬਾਜ਼ਾਰਾਂ ਅਤੇ ਮਾਰਗਾਂ ਵਿੱਚ ਜਥੇਬੰਦੀਆਂ ਵੱਲੋਂ ਇੱਕ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ।
ਕੇਂਦਰ ਤੇ ਸੂਬਾ ਸਰਕਾਰ ਭੇਦਭਾਵ ਕਰ ਰਹੀ ਹੈ
ਵੱਖ-ਵੱਖ ਥਾਈ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਇਸ ਬੰਦ ਨੂੰ ਸਹਿਯੋਗ ਦਿੱਤਾ। ਆਪਣੇ ਸੰਬੋਧਨ ਰਾਹੀਂ ਇਸ ਬੰਦ ਅਤੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਕਰਨੈਲ ਸਿੰਘ ਲਵਲੀ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਸਿੱਖਾਂ ਨਾਲ ਭੇਦਭਾਵ ਕਰ ਰਹੀ ਹੈ। ਕੇਂਦਰ ਵੱਲੋਂ ਹੋਰਨਾਂ ਕੈਦੀਆਂ ਦੇ ਤੁਲਨਾਤਮਕ ਸਿੱਖ ਕੈਦੀਆਂ ਨੂੰ ਪੈਰੋਲ ਦੇਣ ਦੇ ਮਾਮਲੇ ਵਿੱਚ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ। ਬਲਾਤਕਾਰੀ ਅਤੇ ਕਾਤਲਾਂ ਨੂੰ ਤਾਂ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਪੈਰੋਲ ਮਿਲ ਰਹੀ ਹੈ, ਜਦਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਪੈਰੋਲ ਦੇਣ ਅਤੇ ਪਰਿਵਾਰਕ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੀ ਮਨਾ ਕਰ ਰਹੀ ਹੈ, ਜਿਸ ਕਾਰਨ ਪੰਜਾਬ ਦੇ ਸਿੱਖਾਂ ਵਿੱਚ ਮੱਲੋ ਮੱਲੀ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਹੁੰਦੀ ਹੈ। ਸੂਬਾ ਅਤੇ ਕੇਂਦਰ ਸਰਕਾਰ ਇਹ ਭੇਦਭਾਵ ਬੰਦ ਕਰ ਕੇ ਤੁਰੰਤ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਬੰਦੀ ਸਿੰਘਾਂ ਨੂੰ ਰਿਹਾ ਕਰੇ।
ਮਹਿੰਦਰਾ ਸ਼ੋਅਰੂਮ ਨੂੰ ਕਰਵਾਇਆ ਬੰਦ
ਸ਼ਹਿਰ ਵਿੱਚ ਰੋਸ ਮਾਰਚ ਕਰ ਰਹੀਆਂ ਜਥੇਬੰਦੀਆਂ ਨੂੰ ਜਦੋਂ ਇਸ ਗੱਲ ਦੀ ਭਿਣਕ ਲੱਗੀ ਕਿ ਸ਼ਹਿਰ ਦੇ ਬਾਹਰ ਬਾਹਰ ਬਣਿਆ ਮਹਿੰਦਰਾ ਸ਼ੋਅਰੂਮ ਖੁੱਲ੍ਹਾ ਹੈ ਤਾਂ ਰੋਹ ਵਿੱਚ ਆਏ ਸਮੂਹ ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀ ਮਹਿੰਦਰਾ ਸ਼ੋਅਰੂਮ ਦੇ ਵਰਕਸ਼ਾਪ ਵਿੱਚ ਪਹੁੰਚ ਗਏ। ਉਨ੍ਹਾਂ ਉੱਥੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਨਾਲ ਕੁਝ ਤਲਖੀ ਤੋਂ ਬਾਅਦ ਸ਼ੋਅਰੂਮ ਨੂੰ ਬੰਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕੁਝ ਵਪਾਰੀ ਜਾਣਬੁਝ ਕੇ ਉਨ੍ਹਾਂ ਨੂੰ ਸਹਿਯੋਗ ਨਹੀਂ ਕਰ ਰਹੇ, ਜਿਸ ਨਾਲ ਮਾਹੌਲ ਵਿਗੜਦਾ ਹੈ।
ਮੇਰਾ ਨਾਮ ਨਾ ਲਿਓ : ਖੇਡ ਅਧਿਆਪਕ
ਕੱਲ੍ਹ ਸਵੇਰ ਸਾਰ ਹੀ ਜਦੋਂ ਮਾਹਿਲਪੁਰ ਦੇ ਮੁੱਖ ਚੌਕ ਵਿੱਚ ਧਰਨਾ ਦੇਣ ਦੀ ਤਿਆਰੀ ਕਰ ਰਹੇ ਸੀ ਤਾਂ ਇੱਕ ਖੇਡ ਅਧਿਆਪਕ ਜੋ ਕਿ ਮਾਹਿਲਪੁਰ ਦੇ ਇੱਕ ਸਕੂਲ ਵਿੱਚ ਨੌਕਰੀ ਕਰਦਾ ਹੈ ਨੇ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਨਜ਼ਦੀਕੀ ਪਿੰਡ ਪੋਸੀ ਦਾ ਸਕੂਲ ਖੁੱਲ੍ਹਾ ਹੈ। ਉਸ ਦੀ ਗੱਲ ਸੁਣ ਕੇ ਜਦੋਂ ਜਥੇਬੰਦੀਆਂ ਦੇ ਆਗੂਆਂ ਨੇ ਸਕੂਲ ਨੂੰ ਜਾਣ ਦਾ ਮਨ ਬਣਾਇਆ ਤਾਂ ਉਹ ਮੋਟਰਸਾਈਕਲ ’ਤੇ ਇਹ ਕਹਿੰਦਾ ਹੋਇਆ ਰਫੂ ਚੱਕਰ ਹੋ ਗਿਆ ਕਿ ਮੇਰਾ ਨਾਮ ਨਾ ਲੈ ਦਿਓ ਮੈਂ ਵੀ ਸਰਕਾਰੀ ਅਧਿਆਪਕ ਹਾਂ।
ਇਸ ਮੌਕੇ ਭੁਪਿੰਦਰ ਸਿੰਘ ਸੱਜਣ, ਹਰਵਿੰਦਰ ਹੀਰਾ, ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਪ੍ਰੀਤ ਸਿੰਘ ਚੀਮਾ, ਮਨਜੀਤ ਸਿੰਘ ਰਾਏ, ਅਨਿਲ ਕੁਮਾਰ ਬਾਘਾ, ਬਿੰਦਰ ਸਰੋਆ, ਕਰਨਜੋਤ ਆਦੀਆ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।