
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਗੜਸ਼ੰਕਰ ਰਿਹਾ ਮੁਕੰਮਲ ਬੰਦ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਗੜਸ਼ੰਕਰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲਿਆ, ਜਿਸ ਤਹਿਤ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰਾਂ ਵੱਲੋਂ ਬੰਗਾ ਚੌਕ ਵਿੱਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਪਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਪਿਛਲੇ 35-40 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਹਨ, ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਦੇਸ਼ ਦੇ ਸੰਵਿਧਾਨ ਅਨੁਸਾਰ ਆਪਣੀ ਸਜ਼ਾ ਪੂਰੀ ਕਰਨ ਵਾਲੇ ਇਨ੍ਹਾਂ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਵਿੱਚ ਦੋ ਕਾਨੂੰਨ ਚਲਦੇ ਹਨ, ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਧਰਨੇ ਲਗਾਉਣੇ ਪੈ ਰਹੇ ਹਨ, ਜਦਕਿ ਗਲਤ ਕੰਮ ਕਰਨ ਵਾਲਿਆਂ ਨੂੰ ਝੱਟ ਪੈਰੋਲ ਦੇ ਦਿੱਤੀ ਜਾਂਦੀ ਹੈ। ਇਸ ਮੌਕੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਭੱਠਲ, ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰਮੇਸ਼ ਸਿੰਘ ਢੇਸੀ ਸੂਬਾ ਮੀਤ ਪ੍ਰਧਾਨ, ਡੀਟੀਐੱਫ ਵੱਲੋਂ ਮੁਕੇਸ਼ ਗੁਜਰਾਤੀ, ਬਘੇਲ ਸਿੰਘ ਲੱਲੀਆਂ, ਕੁੰਵਰ ਜੰਗਵੀਰ ਸਿੰਘ, ਪਰਮਜੀਤ ਸਿੰਘ ਬੱਬਰ, ਦਲਜੀਤ ਸਿੰਘ ਬੈਂਸ, ਓਂਕਾਰ ਸਿੰਘ ਦਿਹਾਣਾ, ਕੁਲਵੀਰ ਸਿੰਘ ਮੌਜੀਪੁਰ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਮੰਡੇਰ, ਬਹਾਦਰ ਸਿੰਘ ਖਾਨਪੁਰ, ਕੁਲਵਿੰਦਰ ਚਾਹਲ, ਸੁੱਚਾ ਸਿੰਘ ਕੁੱਕੜਮਜ਼ਾਰਾ, ਕੇਵਲ ਸਿੰਘ ਢਿੱਲੋਂ, ਬਾਬਾ ਮਲਕੀਤ ਸਿੰਘ, ਬਲਵੀਰ ਸਿੰਘ ਖਾਨਪੁਰ, ਤਰਸੇਮ ਸਿੰਘ ਜਸੋਵਾਲ, ਜਸਬੀਰ ਸਿੰਘ ਭੱਠਲ ਆਦਿ ਮੌਜੂਦ ਸਨ।