
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਬੰਦ ਸੱਦੇ ਮੌਕੇ ਕਸਬਾ ਚੱਬੇਵਾਲ ਦੀ ਮਾਰਕੀਟ ਰਹੀ ਮੁਕੰਮਲ ਬੰਦ

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ : ਕਾਨੂੰਨ ਅਨੁਸਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਪੂਰਨ ਰੂਪ ਵਿੱਚ ਸਮਰਥਨ ਕਰਦੇ ਹੋਏ ਕਸਬਾ ਚੱਬੇਵਾਲ ਦੇ ਸਮੂਹ ਦੁਕਾਨਦਾਰਾਂ ਵੱਲੋਂ ਆਪੋ-ਆਪਣੇ ਵਪਾਰਕ ਅਦਾਰੇ ਬੰਦ ਕਰ ਕੇ ਬੰਦ ਦਾ ਮੁਕੰਮਲ ਸਮਰਥਨ ਕੀਤਾ ਗਿਆ ਅਤੇ ਕਸਬਾ ਚੱਬੇਵਾਲ ਦਾ ਅੱਡਾ ਮੁਕੰਮਲ ਬੰਦ ਰਿਹਾ। ਸਿਹਤ ਸਹੂਲਤਾਂ ਦਾ ਧਿਆਨ ਰੱਖਦੇ ਹੋਏ ਸਿਰਫ ਮੈਡੀਕਲ ਸਟੋਰਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰੱਖੀਆਂ ਗਈਆਂ। ਇਸ ਮੌਕੇ ਕਸਬਾ ਚੱਬੇਵਾਲ ਵਿੱਚ ਦੀ ਲੰਘਦੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਉੱਤੇ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਦੇ ਹੋਏ ਜਿਨ੍ਹਾਂ ਵਿੱਚ ਬਿਮਾਰਾਂ ਨੂੰ ਹਸਪਤਾਲ ਲਿਜਾਣ, ਬਰਾਤ, ਇੰਟਰਵਿਊ ’ਤੇ ਜਾਣ ਵਾਲੇ ਵਿਦਿਆਰਥੀਆਂ ਅਤੇ ਹਵਾਈ ਅੱਡਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਆਵਾਜਾਈ ਦੀ ਛੋਟ ਦਿੱਤੀ ਗਈ। ਪੰਜਾਬ ਬੰਦ ਸੱਦੇ ਦੇ ਸਮਰਥਨ ਵਿੱਚ ਕਸਬਾ ਚੱਬੇਵਾਲ ਦੇ ਮੁੱਖ ਚੌਕ ਵਿੱਚ ਪਹੁੰਚੇ ਹੋਏ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਆਗੂਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਪੂਰਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪਣੇ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਡਾ. ਕੁਲਵੰਤ ਸਿੰਘ, ਜਗਦੀਸ਼ ਸਿੰਘ ਖਾਲਸਾ ਅਤੇ ਹਲਕੇ ਦੇ ਇਨਸਾਫ਼ ਪਸੰਦ ਲੋਕਾਂ ਨੇ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ।