ਟ੍ਰੇਨਿੰਗ ਕੈਂਪ ਦੌਰਾਨ ਵਿਦਿਆਰਥੀਆਂ ਨੇ ਸਿੱਖੇ ਸੀਪੀਆਰ ਤੇ ਜੀਵਨ ਰੱਖਿਆ ਦੇ ਤਰੀਕੇ
4-ਰੋਜ਼ਾ ਟ੍ਰੇਨਿੰਗ ਕੈਂਪ ਦੌਰਾਨ ਵਿਦਿਆਰਥੀਆਂ ਨੇ ਸਿੱਖੇ ਸੀ.ਪੀ.ਆਰ. ਅਤੇ ਜੀਵਨ-ਰੱਖਿਆ ਦੇ ਕਈ ਅਹਿਮ ਤਰੀਕੇ
Publish Date: Thu, 20 Aug 2026 06:17 PM (IST)
Updated Date: Thu, 20 Aug 2026 06:21 PM (IST)
- ਭਵਿੱਖ ’ਚ ਕਿਸੇ ਵੀ ਸਕੂਲ ਜਾਂ ਉਦਯੋਗ ’ਚ ਸਿਖਲਾਈ ਲਈ ਰੈੱਡ ਕਰਾਸ ਸੁਸਾਇਟੀ ਨਾਲ ਕੀਤਾ ਜਾ ਸਕਦੈ ਸੰਪਰਕ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਤਲਵਾੜਾ ਵਿਖੇ 4-ਰੋਜ਼ਾ ਫਸਟ ਏਡ ਟ੍ਰੇਨਿੰਗ ਕੈਂਪ ਸਫ਼ਲਤਾਪੂਰਵਕ ਕਰਵਾਇਆ ਗਿਆ। ਇਸ ਕੈਂਪ ਦੌਰਾਨ ਸਕੂਲ ਦੇ ਲਗਭਗ 560 ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਜੀਵਨ-ਰੱਖਿਆ ਦੇ ਮਹੱਤਵਪੂਰਨ ਪ੍ਰੈਕਟਿਕਲ ਤਰੀਕੇ ਸਿੱਖੇ। ਇਸ ਮੌਕੇ ਰੈੱਡ ਕਰਾਸ ਹੁਸ਼ਿਆਰਪੁਰ ਦੇ ਸਕੱਤਰ ਮੰਗੇਸ਼ ਸੂਦ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਬੱਚਿਆਂ ਨੂੰ ਅਜਿਹੇ ਗੁਣ ਸਿਖਾਉਣਾ ਹੈ, ਜਿਸ ਨਾਲ ਉਹ ਕਿਸੇ ਵੀ ਹਾਦਸੇ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਬਿਨਾਂ ਘਬਰਾਏ ਤੁਰੰਤ ਮੁੱਢਲੀ ਸਹਾਇਤਾ ਦੇ ਸਕਣ। ਰੈੱਡ ਕਰਾਸ ਦੇ ਸੰਯੁਕਤ ਸਕੱਤਰ ਆਦਿਤਯ ਰਾਣਾ ਨੇ ਦਿਲ ਦਾ ਦੌਰਾ ਪੈਣ ’ਤੇ ਸੀਪੀਆਰ ਦੇਣ ਦੀ ਸਹੀ ਵਿਧੀ, ਜ਼ਖ਼ਮਾਂ ਦੀ ਪੱਟੀ ਬੰਨ੍ਹਣਾ, ਹੱਡੀ ਟੁੱਟਣ ’ਤੇ ਦਿੱਤੀ ਜਾਣ ਵਾਲੀ ਤੁਰੰਤ ਸਹਾਇਤਾ ਅਤੇ ਸੜਨ ਵਰਗੀਆਂ ਨਾਜ਼ੁਕ ਸਥਿਤੀਆਂ ਵਿੱਚ ਰਾਹਤ ਪਹੁੰਚਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਲਾਈਵ ਡੈਮੋ ਦਿੱਤੇ।