ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਅੱਗੇ ਲਗਾਇਆ ਧਰਨਾ ਹੈਲਥ ਮਿਸ਼ਨ ਹੁਸ਼ਿਆਰਪੁਰ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਲਗਾਇਆ ਗਿਆ ਧਰਨਾ
Publish Date: Wed, 19 Aug 2026 04:48 PM (IST)
Updated Date: Wed, 19 Aug 2026 04:51 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਕੱਲ ਨੈਸ਼ਨਲ ਹੈਲਥ ਮਿਸ਼ਨ ਹੁਸ਼ਿਆਰਪੁਰ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤਿੰਨਾਂ ਦਿਨਾਂ ਦੌਰਾਨ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ, ਕੋਈ ਵੀ ਐੱਮਐੱਲਏ, ਕੋਈ ਵੀ ਮੰਤਰੀ ਸਾਡੇ ਧਰਨੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਲੈਣ ਲਈ ਜਾਂ ਸਾਡੇ ਤੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਨਹੀਂ ਪਹੁੰਚਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਅੱਜ ਮੰਤਰੀ ਦੇ ਅਹੁਦੇ ’ਤੇ ਬੈਠੇ ਇਹ ਲੋਕ ਨੈਸ਼ਨਲ ਹੈਲਥ ਮਿਸ਼ਨ ਦੇ ਧਰਨਿਆਂ ਵਿੱਚ ਜਾ ਕੇ ਸਟੇਜ ਸਾਂਝੀ ਕਰਦੇ ਰਹੇ ਹਨ ਅਤੇ ਉਨ੍ਹਾਂ ਸਟੇਜਾਂ ਤੋਂ ਮੁਲਾਜ਼ਮਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਪਰ ਸਰਕਾਰ ਨੇ ਮੁਲਾਜ਼ਮਾਂ ਨੂੰ ਨਾ ਤਾਂ ਪੱਕੇ ਕੀਤਾ, ਨਾ ਹੀ ਪੇ ਸਕੇਲ ਦਿੱਤਾ, ਨਾ ਹੀ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਅਤੇ ਨਾ ਹੀ ਤਨਖਾਵਾਂ ਵਿੱਚ ਕੋਈ ਵਾਧਾ ਕੀਤਾ ਗਿਆ। ਜਿਸ ਕਾਰਨ ਸਮੂਹ ਪੰਜਾਬ ਸਮੁੱਚੇ ਪੰਜਾਬ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਦਰੀਆਂ ਵਿਛਾ ਕੇ ਸਿਵਲ ਸਰਜਨਾਂ ਦੇ ਦਫ਼ਤਰਾਂ ਵਿੱਚ ਬੈਠਣ ਨੂੰ ਮਜਬੂਰ ਹੋ ਗਏ ਹਨ। ਮੁਲਾਜ਼ਮਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਲ ਹੀ ਸਿਵਿਲ ਹਸਪਤਾਲ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਟਾਲ-ਮਟੋਲ ਕਰਦੀ ਹੈ ਤਾਂ ਸੰਘਰਸ਼ ਦੀ ਰੂਪ ਰੇਖਾ ਦੇ ਦੌਰਾਨ ਚੰਡੀਗੜ੍ਹ 38 ਸੈਕਟਰ ਵਿੱਚ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦਫ਼ਤਰ ਵਿੱਚ ਧਰਨਾ ਲਗਾਇਆ ਜਾਵੇਗਾ। ਇੰਨਾ ਹੀ ਨਹੀਂ ਇਸ ਸਰਕਾਰ ਵਿਰੁੱਧ ਪਰਚੇ ਵੀ ਵੰਡੇ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਸਰਕਾਰ ਨੂੰ ਕੋਈ ਵੀ ਵੋਟ ਨਾ ਪੈ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਬੱਧਣ, ਮੀਤ ਪ੍ਰਧਾਨ ਅਨੀਤਾ ਸਰਮਾਲ, ਜਨਰਲ ਸਕੱਤਰ ਸੁਮੀਤ ਸ਼ਰਮਾ, ਮੁੱਖ ਸਲਾਹਕਾਰ ਕਪਿਲ ਸ਼ਰਮਾ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਫਾਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਗਿੱਲ ਅਤੇ ਡੈਮੋਕ੍ਰੇਟਿਕ ਫਰੰਟ ਐੱਮਪੀਐੱਚਡਬਲਯੂ ਹੈਲਥ ਵਰਕਰ ਯੂਨੀਅਨ ਹੁਸ਼ਿਆਰਪੁਰ ਦੇ ਪ੍ਰਧਾਨ ਰਣਜੀਤ ਸਿੰਘ ਵੀ ਮੌਜੂਦ ਸਨ।