ਜੰਗਲਾਤ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੁੱਖ ਵਣ ਪਾਲ ਨੂੰ ਭੇਜਿਆ ਮੰਗ ਪੱਤਰ ਜੰਗਲਾਤ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੁੱਖ ਵਣ ਪਾਲ ਨੂੰ ਭੇਜਿਆ ਮੰਗ ਪੱਤਰ
Publish Date: Wed, 19 Aug 2026 04:18 PM (IST)
Updated Date: Wed, 19 Aug 2026 04:21 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਇੱਥੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਵਣ ਮੰਡਲ ਅਫ਼ਸਰ ਦਸੂਹਾ ਰਾਹੀਂ ਮੁੱਖ ਵਣ ਪਾਲ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਇਹ ਮੰਗ ਪੱਤਰ ਯੂਨੀਅਨ ਦੇ ਦਸੂਹਾ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਦੀ ਅਗਵਾਈ ਹੇਠ ਸੌਂਪਿਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਯੂਨੀਅਨ ਆਗੂਆਂ ਨੇ ਮੁੱਖ ਵਣ ਪਾਲ ਨੂੰ ਅਪੀਲ ਕੀਤੀ ਹੈ ਕਿ ਮੁੱਖ ਤੌਰ ’ਤੇ ਜੰਗਲਾਤ ਵਿਭਾਗ ਦੇ ਵਰਕਰਾਂ ਦੀਆਂ ਪਿਛਲੇ ਚਾਰ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਤੇ ਵਰਕਰਾਂ ਦੀ ਸੀਨੀਆਰਤਾ ਸੂਚੀ ਵਿੱਚ ਦਰਜ ਤਰੁਟੀਆਂ ਨੂੰ ਦੂਰ ਕਰਕੇ ਸੂਚੀ ਨੂੰ ਦਰੁਸਤ ਕੀਤਾ ਜਾਵੇ। ਇਸ ਤੋਂ ਇਲਾਵਾ 16 ਮਈ 2023 ਦੀ ਨੀਤੀ ਨੂੰ ਰੱਦ ਕਰਕੇ ਨਵੀਂ 2026 ਦੀ ਨੀਤੀ ਲਾਗੂ ਕਰਨ, ਵਿਭਾਗ ਵਿੱਚ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਵਰਕਰਾਂ ਨੂੰ ਵੀ ਬਣਦੇ ਲਾਭ ਦੇਣ ਅਤੇ ਐਕਟ ਵਿੱਚ ਸੋਧ ਕਰ ਕੇ ਸਫ਼ਾਈ ਕਾਮਿਆਂ ਲਈ ਬਣਾਈ ਗਈ ਤਿੰਨ ਸਾਲ ਦੀ ਨੀਤੀ ਅਨੁਸਾਰ ਉਨ੍ਹਾਂ ਨੂੰ ਖਤਰਨਾਕ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਵਿਭਾਗ ਦੀ ਸੀਨੀਆਰਤਾ ਸੂਚੀ ਵਿੱਚ 26 ਦਿਨਾਂ ਦੀ ਬਜਾਏ 30 ਦਿਨਾਂ ਦੀ ਸੇਵਾ ਨੂੰ ਆਧਾਰ ਬਣਾਉਂਦਿਆਂ 31 ਮਾਰਚ 2026 ਤੱਕ ਸੂਚੀ ਨੂੰ ਅੰਤਿਮ ਰੂਪ ਦੇਣ ਦੀ ਮੰਗ ਹੈ। ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ 15ਵੀਂ ਲੇਬਰ ਕਾਨਫਰੰਸ ਦੇ ਫੈਸਲੇ ਅਨੁਸਾਰ ਐਤਵਾਰ ਦੀ ਛੁੱਟੀ ਵੀ ਸੇਵਾ ਵਿੱਚ ਗਿਣੇ ਜਾਣ ਅਤੇ ਪੱਕੇ ਕੀਤੇ ਗਏ ਵਰਕਰਾਂ ਨੂੰ ਉੱਕਾ-ਪੁੱਕਾ 15 ਹਜ਼ਾਰ ਰੁਪਏ ਦੇਣ ਦੀ ਬਜਾਏ ਛੇਵੇਂ ਪੇ ਕਮਿਸ਼ਨ ਅਨੁਸਾਰ 18 ਹਜਾਰ ਰੁਪਏ ਮੁੱਢਲੀ ਤਨਖਾਹ ਸਮੇਤ ਡੀਏ, ਹਾਊਸ ਰੈਂਟ ਅਤੇ ਹੋਰ ਬਣਦੇ ਲਾਭ ਵੀ ਦਿੱਤੇ ਜਾਣ। ਇਸ ਮੌਕੇ ਮੰਡਲ ਅਫ਼ਸਰ ਅੰਜਨ ਕੁਮਾਰ, ਰੇਂਜ ਬੱਡਲਾ ਅਫ਼ਸਰ ਗੁਰਜਿੰਦਰ ਸਿੰਘ, ਕਪਿਲ ਸ਼ਰਮਾ, ਵਿਜੇ ਕੁਮਾਰ ਅਕਾਊਂਟੈਂਟ, ਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ, ਜਨਰਲ ਸਕੱਤਰ ਸ਼ਿਵ ਦਿਆਲ, ਰੇਂਜ ਪ੍ਰਧਾਨ ਦਸੂਹਾ ਲਵਪ੍ਰੀਤ ਸਿੰਘ, ਪਰਮਜੀਤ ਸਿੰਘ, ਸਰਜੀਵ ਕੁਮਾਰ, ਜਗੀਰ ਸਿੰਘ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।