ਹੁਸ਼ਿਆਰਪੁਰ ਬੱਸ ਅੱਡੇ ’ਤੇ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੁਸ਼ਿਆਰਪੁਰ ਬੱਸ ਅੱਡੇ ’ਤੇ ਨਸ਼ਾ ਕਰਦੇ ਦੀ ਵੀਡੀਓ ਵਾਇਰਲ
Publish Date: Wed, 19 Aug 2026 04:09 PM (IST)
Updated Date: Wed, 19 Aug 2026 04:12 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਬੇਸ਼ੱਕ ਵੱਖ-ਵੱਖ ਸਮੇਂ ’ਤੇ ਕਈ ਤਰ੍ਹਾਂ ਦੇ ਆਪ੍ਰੇਸ਼ਨ ਚਲਾਏ ਜਾਂਦੇ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੇ-ਵੱਡੇ ਦਾਅਵੇ ਕਰ ਕੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਦਿਖਾਈ ਦੇ ਰਹੀ ਹੈ। ਹੁਸ਼ਿਆਰਪੁਰ ਸ਼ਹਿਰ ਦੇ ਬਹੁਤੇ ਅਜਿਹੇ ਮੁਹੱਲੇ ਹਨ ਜਿਨ੍ਹਾਂ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ। ਬੀਤੀ ਰਾਤ ਹੁਸ਼ਿਆਰਪੁਰ ਦੇ ਬੱਸ ਅੱਡੇ ਨਜ਼ਦੀਕ ਇਕ ਅੱਲੜ ਨੌਜਵਾਨ ਸ਼ਰੇਆਮ ਨਸ਼ਾ ਕਰਦਾ ਦਿਖਾਈ ਦਿੱਤਾ। ਆਸ-ਪਾਸ ’ਤੇ ਦੁਕਾਨਦਾਰਾਂ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤਾਂ ਪੁਲਿਸ ਨੂੰ ਭਾਜੜਾਂ ਪੈ ਗਈਆਂ। ਇੱਥੇ ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਸੰਘਣੀ ਆਬਾਦੀ ਵਾਲੇ ਕਈ ਮੁਹੱਲੇ ਅਜਿਹੇ ਹਨ, ਜਿਨ੍ਹਾਂ ਵਿੱਚ ਨਸ਼ਾ ਆਮ ਤੌਰ ’ਤੇ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਾਣਾ ਮੰਡੀ ਸਬਜ਼ੀ ਮੰਡੀ ਪ੍ਰੇਮਗੜ੍ਹ ਬੱਸ ਅੱਡੇ ਨਜ਼ਦੀਕ ਨਸ਼ਾ ਤਸਕਰ ਆਮ ਤੌਰ ’ਤੇ ਕਈ ਤਰ੍ਹਾਂ ਦੇ ਨੌਜਵਾਨਾਂ ਨੂੰ ਇਸ਼ਾਰਿਆ ਰਾਹੀਂ ਇਕਾਂਤ ਜਗ੍ਹਾ ’ਤੇ ਬੁਲਾ ਕੇ ਨਸ਼ਾ ਸਪਲਾਈ ਕਰਦੇ ਹਨ। ਵਾਇਰਲ ਹੋਈ ਵੀਡੀਓ ਤੋਂ ਬਾਅਦ ਥਾਣਾ ਸਿਟੀ ਥਾਣਾ ਮਾਡਲ ਟਾਊਨ ਅਤੇ ਸਦਰ ਦੀਆਂ ਪੁਲਿਸ ਟੀਮਾਂ ਨੇ ਗਸ਼ਤ ਤੇਜ਼ ਕੀਤੀ ਪਰ ਨਸ਼ਾ ਕਰਨ ਵਾਲਾ ਨੌਜਵਾਨ ਉਨ੍ਹਾਂ ਦੇ ਹੱਥ ਨਹੀਂ ਆਇਆ। ਦੂਜੇ ਪਾਸੇ ਕਾਂਗਰਸੀ ਆਗੂ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਜਿੰਨੀ ਵੀ ਮੁਹਿੰਮ ਚੱਲ ਰਹੀ ਹੈ ਉਹ ਸਿਰਫ ਕਾਗਜੀ ਕਾਰਵਾਈ ਤੇ ਅੰਕੜੇ ਵਧਾਉਣ ਲਈ ਚੱਲ ਰਹੀ ਹੈ। ਪੁਲਿਸ ਵੱਲੋਂ ਡੋਪ ਟੈਸਟ ਦੇ ਨਾਂ ਤੇ ਹੀ ਅੰਕੜਿਆਂ ਨੂੰ ਵਧਾਇਆ ਜਾ ਰਿਹਾ ਹੈ।