
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਸਮੇਸ਼ ਗਰਲਜ਼ ਕਾਲਜ ਵਿਖੇ ਐੱਨਸੀਸੀ ਕੈਡਿਟਾਂ ਦੀ ਚੋਣ ਪ੍ਰਕਿਰਿਆ ਮੁਕੰਮਲ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਕਾਲਜ ਦੀਆਂ ਵਿਦਿਆਰਥਣਾਂ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਸ਼ਖ਼ਸੀਅਤ ਨਿਰਮਾਣ ਅਤੇ ਦੇਸ਼ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵੀ ਉਤਸ਼ਾਹ ਨਾਲ ਭਾਗ ਲੈ ਰਹੀਆਂ ਹਨ, ਜਿਸ ਤਹਿਤ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ 12 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਡ ਵਿਭਾਗ ਦੇ ਮੁਖੀ ਅਤੇ ਐੱਨਸੀਸੀ ਅਫ਼ਸਰ ਲੈਫਟੀਨੈਂਟ ਡਾ. ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਚੋਣ ਪ੍ਰਕਿਰਿਆ ਕਰਵਾਈ ਗਈ। ਚੋਣ ਦਾ ਮੁੱਖ ਉਦੇਸ਼ ਕਾਲਜ ਦੀ ਐੱਨਸੀਸੀ ਯੂਨਿਟ ਲਈ ਯੋਗ, ਸਮਰੱਥ ਅਤੇ ਉਤਸ਼ਾਹੀ ਵਿਦਿਆਰਥਣਾਂ ਦੀ ਚੋਣ ਕਰਨਾ ਸੀ। ਇਸ ਦੌਰਾਨ ਉਮੀਦਵਾਰਾਂ ਦੀ ਸਰੀਰਕ ਸਮਰੱਥਾ, ਤੰਦਰੁਸਤੀ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਗੁਣਾਂ ਦਾ ਮੁਲਾਂਕਣ ਕੀਤਾ ਗਿਆ। ਚੋਣ ਪ੍ਰਕਿਰਿਆ 12 ਪੰਜਾਬ ਬਟਾਲੀਅਨ ਐੱਨਸੀਸੀ ਦੇ ਸੂਬੇਦਾਰ ਕੁਲਦੀਪ ਸਿੰਘ ਅਤੇ ਹਵਲਦਾਰ ਮਨਦੀਪ ਸਿੰਘ ਦੀ ਨਿਗਰਾਨੀ ਹੇਠ ਸੁਚੱਜੇ ਢੰਗ ਨਾਲ ਸੰਪੰਨ ਹੋਈ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟੀ ਮੈਂਬਰਾਂ ਨੇ ਐੱਨਸੀਸੀ ਅਧਿਕਾਰੀਆਂ ਅਤੇ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਚੁਣੀਆਂ ਗਈਆਂ ਕੈਡਿਟਾਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਦੇਸ਼ ਸੇਵਾ ਅਤੇ ਅਨੁਸ਼ਾਸਨ ਦੇ ਮਾਰਗ ’ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।