ਖੈਰ ਦੀ ਲੱਕੜ ਦੇ ਕਾਲੇ ਕਾਰੋਬਾਰ ’ਤੇ ਜੰਗਲਾਤ ਵਿਭਾਗ ਦਾ ਵਾਰ ਖੈਰ ਦੀ ਲੱਕੜ ਦੇ ਕਾਲੇ ਕਾਰੋਬਾਰ ’ਤੇ ਜੰਗਲਾਤ ਵਿਭਾਗ ਦਾ ਵਾਰ
Publish Date: Tue, 18 Aug 2026 07:59 PM (IST)
Updated Date: Tue, 18 Aug 2026 08:00 PM (IST)
ਕੱਥਾ ਫੈਕਟਰੀ ’ਚੋਂ ਕਰੋੜਾਂ ਦਾ ਮਾਲ ਕੀਤਾ ਕਾਬੂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪਿੰਡ ਸਤਿਆਣਾ ’ਚ ਚੱਲ ਰਹੀ ਕੱਥਾ ਫੈਕਟਰੀ ’ਤੇ ਮੰਗਲਵਾਰ ਸਵੇਰੇ ਜੰਗਲਾਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿਚ ਖੈਰ ਦੀ ਲੱਕੜ ਅਤੇ ਕਰੋੜਾਂ ਰੁਪਏ ਦਾ ਕੱਥਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਵਿਭਾਗ ਨੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਲਈ ਬੁੱਲੋਵਾਲ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜੰਗਲਾਤ ਵਿਭਾਗ ਦੇ ਡੀਐੱਫਓ ਵੈਂਕਟੇਸ਼ ਸ਼ਿਵਾਲੇ ਮੁਤਾਬਕ, ਵਿਭਾਗ ਨੂੰ ਪਿਛਲੇ ਕੁਝ ਸਮੇਂ ਤੋਂ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਜੰਗਲਾਂ ’ਚੋਂ ਖੈਰ ਦੀ ਲੱਕੜ ਕੱਟ ਕੇ ਚੋਰੀ ਕੀਤੇ ਜਾਣ ਸਬੰਧੀ ਗੁਪਤ ਸੂਚਨਾਵਾਂ ਮਿਲ ਰਹੀਆਂ ਸਨ। ਵਿਭਾਗ ਦੀ ਟੀਮ ਪਿਛਲੇ ਕਰੀਬ ਇਕ ਮਹੀਨੇ ਤੋਂ ਖੈਰ ਦੀ ਲੱਕੜ ਦੀ ਗੈਰ-ਕਾਨੂੰਨੀ ਕਟਾਈ ਤੇ ਤਸਕਰੀ ਨਾਲ ਜੁੜੇ ਲੋਕਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਸੀ। ਸੀਸੀਟੀਵੀ ਫੁਟੇਜ ਨੇ ਫੈਕਟਰੀ ਤੱਕ ਪਹੁੰਚਾਇਆ ਡੀਐੱਫਓ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਸੱਤ ਵਜੇ ਜੰਗਲਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਏ ਇਕ ਰਸਤੇ ਦੀ ਕੜੀ ਪਿੰਡ ਸਤਿਆਣਾ ’ਚ ਸਥਿਤ ਕੱਥਾ ਫੈਕਟਰੀ ਤੱਕ ਜਾ ਪੁੱਜੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਫੈਕਟਰੀ ਵਿਚ ਛਾਪਾ ਮਾਰਿਆ। ਅਧਿਕਾਰੀਆਂ ਮੁਤਾਬਕ, ਫੈਕਟਰੀ ਦੇ ਅੰਦਰ ਵੱਡੀ ਮਾਤਰਾ ਵਿਚ ਖੈਰ ਦੀ ਲੱਕੜ ਪਈ ਹੋਈ ਸੀ। ਇਸ ਤੋਂ ਇਲਾਵਾ ਭਾਰੀ ਮਾਤਰਾ ’ਚ ਤਿਆਰ ਕੀਤਾ ਹੋਇਆ ਕੱਥਾ ਵੀ ਮਿਲਿਆ, ਜੋ ਗੱਤੇ ਦੇ ਬਕਸਿਆਂ ਵਿਚ ਪੈਕ ਕਰ ਕੇ ਅੱਗੇ ਸਪਲਾਈ ਕਰਨ ਲਈ ਤਿਆਰ ਰੱਖਿਆ ਗਿਆ ਸੀ। ਵਿਭਾਗ ਨੇ ਲੱਕੜ ਤੇ ਕੱਥੇ ਨੂੰ ਕਬਜ਼ੇ ਵਿਚ ਲੈ ਕੇ ਫੈਕਟਰੀ ਨੂੰ ਸੀਲ ਕਰ ਦਿੱਤਾ। 1997 ’ਚ ਜਾਰੀ ਹੋਇਆ ਸੀ ਲਾਇਸੈਂਸ, ਨਵੀਨੀਕਰਨ ਦੀ ਵੀ ਹੋਵੇਗੀ ਜਾਂਚ ਡੀਐੱਫਓ ਵੈਂਕਟੇਸ਼ ਸ਼ਿਵਾਲੇ ਨੇ ਕਿਹਾ ਕਿ ਵਿਭਾਗ ਵੱਲੋਂ ਹੁਣ ਫੈਕਟਰੀ ਦੇ ਲਾਇਸੈਂਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ, ਫੈਕਟਰੀ ਦੇ ਨਾਂ ’ਤੇ ਸਾਲ 1997 ਵਿੱਚ ਲਾਇਸੈਂਸ ਜਾਰੀ ਹੋਇਆ ਸੀ ਅਤੇ ਨਿਯਮਾਂ ਮੁਤਾਬਕ ਇਸ ਦਾ ਹਰ ਪੰਜ ਸਾਲ ਬਾਅਦ ਨਵੀਨੀਕਰਨ ਕਰਵਾਉਣਾ ਲਾਜ਼ਮੀ ਹੈ। ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਵੱਲੋਂ ਲਾਇਸੈਂਸ ਸਮੇਂ ਸਿਰ ਨਵਿਆਇਆ ਗਿਆ ਸੀ ਜਾਂ ਨਹੀਂ। ਜੇਕਰ ਲਾਇਸੈਂਸ ਨਿਯਮਾਂ ਅਨੁਸਾਰ ਨਵਿਆਇਆ ਨਾ ਹੋਇਆ ਮਿਲਿਆ ਤਾਂ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੈਕਟਰੀ ਦੀ ਨਿਗਰਾਨੀ ਲਈ ਜੰਗਲਾਤ ਵਿਭਾਗ ਨੇ ਆਪਣੇ ਕਰਮਚਾਰੀ ਫੈਕਟਰੀ ਦੇ ਅੱਗੇ-ਪਿੱਛੇ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਬਰਾਮਦ ਕੀਤੀ ਸਮੱਗਰੀ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋ ਸਕੇ। ਫੈਕਟਰੀ ਮਾਲਕ ਨੇ ਕਿਹਾ, ਬਿੱਲ ਸਮੇਤ ਖ਼ਰੀਦੀ ਹੈ ਲੱਕੜ ਉੱਧਰ, ਮੌਕੇ ’ਤੇ ਪੁੱਜੇ ਫੈਕਟਰੀ ਮਾਲਕ ਦੀਪਾਂਸ਼ੂ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਫੈਕਟਰੀ ਵਿਚ ਮੌਜੂਦ ਖੈਰ ਦੀ ਲੱਕੜ ਤੇ ਕੱਥਾ ਉਸ ਵੱਲੋਂ ਮੇਹਿਗਰੋਵਾਲ ਸਥਿਤ ਇਕ ਕੰਪਨੀ ਦੇ ਮਾਲਕ ਤੋਂ ਪੱਕੇ ਬਿੱਲਾਂ ਸਮੇਤ ਖ਼ਰੀਦਿਆ ਜਾਂਦਾ ਹੈ। ਉਸ ਕੋਲ ਖ਼ਰੀਦ ਸਬੰਧੀ ਦਸਤਾਵੇਜ਼ ਮੌਜੂਦ ਹਨ। ਡੀਐੱਫਓ ਮੁਤਾਬਕ, ਜਿਸ ਵਿਅਕਤੀ ਤੋਂ ਉਹ ਖੈਰ ਦੀ ਲੱਕੜ ਖ਼ਰੀਦਦਾ ਹੈ, ਉਹ ਖੁਦ ਇਹ ਲੱਕੜ ਕਿੱਥੋਂ ਖ਼ਰੀਦਦਾ ਹੈ, ਇਸ ਬਾਰੇ ਉਸ ਨੂੰ ਜਾਣਕਾਰੀ ਨਹੀਂ। ਉਨ੍ਹਾਂ ਦੱਸਿਆ ਕਿ ਛਾਪੇ ਤੋਂ ਬਾਅਦ ਜਦੋਂ ਉਸ ਨੇ ਸਬੰਧਤ ਕੰਪਨੀ ਦੇ ਮਾਲਕ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਕੱਟ ਦਿੱਤਾ ਅਤੇ ਬਾਅਦ ਵਿੱਚ ਆਪਣਾ ਫੋਨ ਬੰਦ ਕਰ ਲਿਆ। ਲੱਕੜ ਕਿੱਥੋਂ ਆਈ ਤੇ ਕੌਣ ਕਰ ਰਿਹਾ ਸੀ ਸਪਲਾਈ? ਜਾਂਚ ਦਾ ਮੁੱਖ ਸਵਾਲ ਜੰਗਲਾਤ ਵਿਭਾਗ ਦੀ ਕਾਰਵਾਈ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਫੈਕਟਰੀ ਵਿਚ ਪਹੁੰਚੀ ਇੰਨੀ ਵੱਡੀ ਮਾਤਰਾ ’ਚ ਖੈਰ ਦੀ ਲੱਕੜ ਦਾ ਅਸਲ ਸਰੋਤ ਕੀ ਹੈ? ਕੀ ਇਹ ਲੱਕੜ ਹੁਸ਼ਿਆਰਪੁਰ ਦੇ ਜੰਗਲਾਂ ਵਿਚੋਂ ਕੱਟੀ ਗਈ ਜਾਂ ਕਿਸੇ ਮਨਜ਼ੂਰਸ਼ੁਦਾ ਸਰੋਤ ਰਾਹੀਂ ਖ਼ਰੀਦੀ ਗਈ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਮੌਕੇ ’ਤੇ ਪਹੁੰਚੀ ਥਾਣਾ ਬੁੱਲੋਵਾਲ ਪੁਲਿਸ ਨੇ ਵੀ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬਰਾਮਦ ਲੱਕੜ ਤੇ ਕੱਥੇ ਦੀ ਮਾਤਰਾ, ਦਸਤਾਵੇਜ਼ਾਂ, ਲਾਇਸੈਂਸ ਤੇ ਖ਼ਰੀਦ-ਵਿਕਰੀ ਦੇ ਰਿਕਾਰਡ ਦੀ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।